Showing posts with label Daljit Singh Bittu. Show all posts
Showing posts with label Daljit Singh Bittu. Show all posts

Saturday, April 9, 2011

ਕਾਲੇ ਕਾਨੂੰਨਾਂ ਦਾ ਵਿਰੋਧ ਜਰੂਰੀ

ਐਡਵੋਕੇਟ ਜਸਪਾਲ ਸਿੰਘ ਮੰਝਪੁਰ
0091-98554-01843
jsmanjhpur@gmail.com

ਸਮੇਂ ਦੀਆਂ ਸਰਕਾਰਾਂ ਵਲੋਂ ਸਿਆਸੀ ਵਿਰੋਧੀਆਂ ਤੇ ਬਾਗੀਆਂ ਨੂੰ ਦਬਾਉਂਣ ਲਈ ਹਰ ਤਰ੍ਹਾਂ ਤੇ ਹੱਥ-ਕੰਡੇ ਅਪਣਾਏ ਜਾਂਦੇ ਰਹੇ ਹਨ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਉਹਨਾਂ ਵਲੋਂ ਕੀਤੀਆਂ ਜਾਂਦੀਆਂ ਧੱਕੇਸ਼ਾਹੀਆਂ ਖਿਲਾਫ ਕੋਈ ਅਵਾਜ਼ ਬੁਲੰਦ ਕਰੇ।
ਭਾਰਤ ਵਿਚ ੧੯੪੭ ਤੋਂ ਪਹਿਲਾਂ ਦੇ ਅੰਗਰੇਜ਼ੀ ਸਾਸ਼ਨ ਵਿਚ ਵੀ ਬਾਗੀਆਂ ਨੂੰ ਖਤਮ ਕਰਨ ਦੇ ਵੱਖ-ਵੱਖ ਤਰੀਕੇ ਅਪਣਾਏ ਗਏ ਜਿਹਨਾਂ ਵਿਚ ੧੯੧੯ ਵਿਚ ਪਾਸ ਕੀਤਾ ਗਿਆ ਰੋਲਟ ਐਕਟ ਸਭ ਤੋਂ ਵੱਧ ਮਸ਼ਹੂਰ ਹੈ ਜਿਸ ਅਧੀਨ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਿਸੇ ਕਾਰਨ ਦੇ ੨ ਸਾਲ ਤੱਕ ਜੇਲ੍ਹ ਵਿਚ ਰੱਖਿਆ ਜਾ ਸਕਦਾ ਸੀ।
੧੯੪੭ ਵਿਚ ਅੰਗਰੇਜ਼ਾਂ ਨੂੰ ਸੰਸਾਰ ਦੀ ਸਥਿਤੀ ਅਧੀਨ ਭਾਰਤ ਨੂੰ ਛੱਡ ਕੇ ਜਾਣਾ ਪਿਆ ਪਰ ਭਾਰਤ ਦੇ ਆਮ ਲੋਕਾਂ ਦੀ ਦਸ਼ਾ ਵਿਚ ਕੋਈ ਸੁਧਾਰ ਨਾ ਆਇਆ ਭਾਵੇਂ ਕਿ ਇਕ ਵਾਰ ਉਹਨਾਂ ਨੇ ਜਰੂਰ ਮਹਿਸੂਸ ਕੀਤਾ ਕਿ ਸ਼ਾਇਦ ਉਹਨਾਂ ਨੂੰ ਅਜ਼ਾਦੀ ਮਿਲ ਗਈ ਹੈ ਤੇ ਉਹਨਾਂ ਦੀ ਜਿੰਦਗੀ ਵਿਚ ਜਰੂਰ ਸੁਧਾਰ ਹੋਣਗੇ ਪਰ ਉਹਨਾਂ ਦੇ ਸੁਪਨੇ ਜਲਦੀ ਦੀ ਟੁੱਟਣੇ ਸ਼ੁਰੂ ਹੋ ਗਏ ਕਿਉਂਕਿ ਉਹ ਹੁਣ ਕਾਲੇ ਅੰਗਰੇਜ਼ਾਂ ਦੇ ਚੁੰਗਲ ਵਿਚ ਫਸ ਚੁੱਕੇ ਸਨ।ਬਹੁਤੇ ਲੋਕ ਤਾਂ ਇਹਨਾਂ ਨਵੇਂ ਮਾਲਕਾਂ ਅਨੁਸਾਰ ਢਲ ਗਏ ਪਰ ਕੁਝ ਗੈਰਤਮੰਦਾਂ ਨੇ ਇਸ ਨਵੇਂ ਰਾਜ-ਪ੍ਰਬੰਧ ਵਿਰੁੱਧ ਵੀ ਉਸੇ ਤਰ੍ਹਾਂ ਹੀ ਸੰਘਰਸ਼ ਜਾਰੀ ਰੱਖਿਆ ਜਿਸ ਤਰ੍ਹਾਂ ਉਹ ਅੰਗਰੇਜ਼ੀ ਪ੍ਰਬੰਧ ਵਿਰੁੱਧ ਜੂਝ ਰਹੇ ਸਨ। ੮੦ਵੇਂ ਦੇ ਦਹਾਕੇ ਵਿਚ ਸਿੱਖਾਂ ਨੇ ਆਪਣੀ ਵਿੱਲਖਣ ਹਸਤੀ ਨੂੰ ਕਾਇਮ ਰੱਖਣ ਤੇ ਕੌਮੀ ਅਜ਼ਾਦੀ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਵਿੱਢਿਆ ਤਾਂ ਇਸ ਤੋਂ ਪ੍ਰੇਰਨਾ ਲੈ ਕੇ ਨਾਗਿਆ, ਤਮਿਲਾਂ, ਕਸ਼ਮੀਰੀਆਂ ਤੇ ਹੋਰਨਾ ਨੇ ਵੀ ਦਿੱਲੀ ਤਖ਼ਤ ਵਿਰੁੱਧ ਝੰਡਾ ਬੁਲੰਦ ਕਰ ਦਿੱਤਾ।
ਇਹਨਾਂ ਸਿਆਸੀ ਵਿਰੋਧੀਆਂ ਤੇ ਬਾਗੀਆਂ ਨਾਲ ਨਿਪਟਣ ਲਈ ੩ ਸਤੰਬਰ ੧੯੮੭ ਵਿਚ ਟਾਡਾ [Terrorist And Disruptive Activities (Prevention) Act] ਨਾਮ ਦਾ ਨਵਾਂ ਐਕਟ ਬਣਾਇਆ ਗਿਆ ਜਿਸ ਅਧੀਨ ਭਾਰਤ ਭਰ ਵਿਚ ਤੇ ਖਾਸ ਕਰਕੇ ਪੰਜਾਬ ਵਿਚ ਬਾਗੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਸਰਵੇ ਅਧੀਨ ਇਸ ਅੈਕਟ ਅਧੀਨ ਕੁਲ ਗ੍ਰਿਫਤਾਰ ਵਿਅਕਤੀਆਂ ਵਿਚੋਂ ਕੇਵਲ ਇਕ ਫੀਸਦੀ ਨੂੰ ਹੀ ਸਜ਼ਾ ਹੋ ਸਕੀ ਬਾਕੀਆਂ ਨੂੰ ਵੱਖ-ਵੱਖ ਅਦਾਲਤਾਂ ਨੇ ਬਰੀ ਕਰ ਦਿੱਤਾ ਜਿਸ ਤੋਂ ਸਪੱਸ਼ਟ ਹੈ ਕਿ ਇਸ ਦੀ ਵਰਤੋਂ ਜਿਆਦਾ ਕਰਕੇ ਬਾਗੀਆਂ ਤੇ ਸਿਆਸੀ ਵਿਰੋਧੀਆਂ ਨੂੰ ਵੱਧ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਰੱਖਣ ਲਈ ਹੀ ਕੀਤੀ ਗਈ ਸੀ।ਇਸ ਐਕਟ ਵਿਚ ੧੯੮੯, ੧੯੯੧ ਤੇ ੧੯੯੩ ਵਿਚ ਵੱਖ-ਵੱਖ ਸੋਧਾਂ ਕੀਤੀਆਂ ਗਈਆਂ ਤੇ ਅੰਤ ਮਈ ੧੯੯੫ ਵਿਚ ਇਸ ਐਕਟ ਨੂੰ ਵਾਪਸ ਲੈ ਲਿਆ ਗਿਆ।
੨੮ ਮਾਰਚ ੨੦੦੨ ਨੂੰ ਇਸੇ ਤਰਜ਼ ਉੱਤੇ ਪੋਟਾ (Prevention of Terrorism Act) ਨਾਮੀ ਐਕਟ ਬਣਾਇਆ ਗਿਆ ਜਿਸਨੂੰ ਮਨੁੱਖੀ ਅਧਿਕਾਰ ਜਥੇਬੰਦੀਆਂ ਤੇ ਲੋਕਾਂ ਦੇ ਵਿਦਰੋਹ ਸਦਕਾ ੨੧ ਦਸੰਬਰ ੨੦੦੪ ਨੂੰ ਵਾਪਸ ਲੈ ਲਿਆ ਗਿਆ।
ਦਿੱਲੀ ਤਖ਼ਤ ਦੀ ਚਲਾਕੀ ਦੇਖੋ ਕਿ ੨੧ ਦਸੰਬਰ ੨੦੦੪ ਨੂੰ ਜਦੋਂ ਪੋਟਾ ਵਾਪਸ ਲਿਆ ਗਿਆ ਤਾਂ ਇਸ ਤੋਂ ਪਹਿਲਾਂ ੨੧ ਸਤੰਬਰ ੨੦੦੪ ਵਿਚ ਹੀ ੧੯੬੭ ਦੇ ਬਣੇ ਗੈਰ-ਕਾਨੂੰਨ ਗਤੀਵਿਧੀਆਂ (ਰੋਕੂ) ਐਕਟ{Unlawful Activities (Prevention) Act}ਵਿਚ ਨਵਾਂ ਚੈਪਟਰ ੪ ਸ਼ਾਮਲ ਕਰ ਦਿੱਤਾ ਜਿਸਦੀਆਂ ਧਾਰਾਵਾਂ ਉਹੀ ਸਨ ਜੋ ਟਾਡਾ ਜਾਂ ਪੋਟਾ ਵਿਚ ਸਨ ਅਤੇ ੩੧ ਦਸੰਬਰ ੨੦੦੮ ਨੂੰ ਇਸ ਵਿਚ ਕਈ ਹੋਰ ਧਾਰਾਵਾਂ ਜੋੜ ਕੇ ਇਸਦੇ ਦੰਦ ਹੋਰ ਤਿੱਖੇ ਕਰ ਦਿੱਤੇ ਗਏ।
ਜਿਕਰਯੋਗ ਹੈ ਕਿ ਟਾਡਾ ਦੀਆਂ ਧਾਰਾਵਾਂ ੩,੪,੫,੮ ਤੇ ਕਈ ਹੋਰ ਪ੍ਰਬੰਧਕੀ ਕੰਮਾਂ ਦੀਆਂ ਧਾਰਾਵਾਂ, ਪੋਟਾ ਦੀਆਂ ਧਾਰਾਵਾਂ ੩, ੪,੫,੮ ਤੇ ਕਈ ਹੋਰ ਪ੍ਰਬੰਧਕੀ ਕੰਮਾਂ ਦੀਆਂ ਧਾਰਾਵਾਂ ਅਤੇ ਯੂ.ਏ.ਪੀ. ਦੀਆਂ ਧਾਰਾਵਾਂ ੧੫,੧੬,੨੩,੨੪ ਤੇ ਕਈ ਹੋਰ ਪ੍ਰਬੰਧਕੀ ਕੰਮਾਂ ਦੀਆਂ ਧਾਰਾਵਾਂ ਬਿਲਕੁਲ ਇਕ ਸਮਾਨ ਹਨ।
ਭਾਰਤ ਇਕ ਬਹੁ-ਸੱਭਿਆਚਾਰਕ ਦੇਸ਼ ਰਿਹਾ ਹੈ ਪਰ ਅੰਗਰੇਜ਼ਾਂ ਨੇ ਇਸ ਨੂੰ ਇਕ ਹੀ ਰੱਸੇ ਨਾਲ ਨੂੜਣ ਲਈ ਇਕ ਹੀ ਕਾਨੂੰਨ ਇਸ ਖਿੱਤੇ ਵਿਚ ਲਾਗੂ ਕੀਤੇ ਜਿਸ ਦਾ ਸਿੱਟਾ ਹੈ ਕਿ ਇਸ ਖਿੱਤੇ ਵਿਚ ਕਦੇ ਵੀ ਕਾਨੂੰਨ ਦਾ ਰਾਜ ਨਾ ਤਾਂ ਸਥਾਪਤ ਹੋਇਆ ਹੈ ਅਤੇ ਨਾ ਹੀ ਹੋ ਸਕੇਗਾ ਜਦ ਤੱਕ ਕਿ ਲੋਕਾਂ ਦੇ ਸੱਭਿਆਚਾਰ ਮੁਤਾਬਕ ਕਾਨੂੰਨਾਂ ਦਾ ਨਿਰਮਾਣ ਨਹੀਂ ਕੀਤਾ ਜਾਂਦਾ।ਜੰਮੂ ਕਸ਼ਮੀਰ ਵਿਚ ਫੌਜਾਂ ਨੂੰ ਵਿਸ਼ੇਸ਼ ਅਧਿਕਾਰ ਅਤੇ ਉੱਤਰ-ਪੂਰਬੀ ਰਾਜਾਂ ਵਿਚਲੇ ਸਪੈਸ਼ਲ ਐਕਟ ਵੀ ਕਾਲੇ ਕਾਨੂੰਨਾਂ ਦੀ ਲੜੀ ਵਿਚ ਸ਼ਾਮਲ ਹਨ।
ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਵਿਧਾਨ ਸਭਾ ਵਿਚ ਪਾਸ ਕੀਤੇ ਦੋ ਕਾਨੂੰਨਾਂ Punjab prevention of damage to public and private property Act 2010 ਨੇ ਵੀ ਆਉਂਣ ਵਾਲੇ ਸਮੇਂ ਵਿਚ ਸਿਅਸੀ ਵਿਰੋਧੀਆਂ ਨੂੰ ਦਬਾਈ ਰੱਖਣ ਲਈ ਵਰਤਿਆ ਜਾਣਾ ਹੈ। ਇਸ ਤੋਂ ਇਲਾਵਾ ਵੱਡੇ ਸ਼ਹਿਰਾਂ ਵਿਚ ਪੁਲਿਸ ਕਮਿਸ਼ਨਰਾਂ ਨੂੰ ਮੈਜਿਸਟ੍ਰੇਟ ਦੀਆਂ ਤਾਕਤਾਂ ਦੇਣੀਆਂ ਵੀ ਜਮਹੂਰੀ ਹੱਕਾਂ ਉੱਤੇ ਡਾਕਾ ਹੈ।
ਭਗਤ ਸਿੰਘ ਤੇ ਸਥੀਆਂ ਨੇ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਅਸੰਬਲੀ ਵਿਚ ਰੋਸ ਜਾਹਰ ਕਰਨ ਲਈ ਬੰਬ ਸੁੱਟੇ ਸਨ ਤਾਂ ਕਿ ਬੋਲੇ ਕੰਨਾਂ ਤੱਕ ਜਨਤਾ ਦੀ ਆਵਾਜ਼ ਪਹੁੰਚਾਈ ਜਾ ਸਕੇ।
ਲੋੜ ਤਾਂ ਹੈ ਲੋਕਾਂ ਨੂੰ ਲਾਮਬੱਧ ਕਰਕੇ ਅਜਿਹੇ ਕਾਲੇ ਕਾਨੂੰਨਾਂ ਖਿਲਾਫ ਲੋਕ ਲਹਿਰ ਉਸਾਰਨ ਦੀ ਜਿਸ ਨਾਲ ਭਾਰਤੀ ਉਪ-ਮਹਾਂਦੀਪ ਵਿਚ ਵਸਦੇ ਸੱਭਿਆਚਾਰਾਂ ਨੂੰ ਕਾਨੂੰਨੀ ਮਾਨਤਾ ਦੇ ਕੇ ਦੁਨੀਆਂ ਨੂੰ ਇਕ ਪਿੰਡ ਦੇ ਰੂਪ ਵਿਚ ਉਸਾਰਿਆ ਜਾਵੇ।
-
-੦–

Wednesday, October 14, 2009

ਗਿਆਰਾਂ ਸਾਲ ਰੂਪੋਸ਼ ਅਤੇ ਨੌਂ ਸਾਲ ਜੇਲ੍ਹ ਵਿੱਚ ਬਤੀਤ ਕਰਨ ਦੇ ਬਾਵਜੂਦ ਕੌਮੀ ਆਜ਼ਾਦੀ ਲਈ ਜੂਝ ਰਿਹਾ ਸਿੱਖ ਸੰਘਰਸ਼ ਦਾ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ

‘ਸੇਵਾ ਜਿੰਦੜੀਏ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
ਜਿਹਨਾਂ ਏਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ’

- ਲਵਸ਼ਿੰਦਰ ਸਿੰਘ ਡੱਲੇਵਾਲ,
ਜਨਰਲ ਸਕੱਤਰ, ਯੂਨਾਈਟਿਡ ਖਾਲਸਾ ਦਲ ਯੂ,ਕੇ

ਜਦੋਂ ਵੀ ਸਿੱਖ ਕੌਮ ਤੇ ਚਲਦੇ ਪ੍ਰਬੰਧ, ਸਥਾਪਤ ਨਿਜ਼ਾਮ ਨੇ ਜੁਲਮ ਢਾਹਿਆ, ਸਿੱਖਾਂ ਦੇ ਧਾਰਮਕਿ ,ਰਾਜਨੀਤਕ ਅਤੇ ਆਰਥਿਕ ਹੱਕਾਂ ਤੇ ਡਾਕਾ ਮਾਰਿਆ, ਜਾਂ ਸਿੱਖ ਸਿਧਾਂਤਾਂ ਦਾ ਕਤਲੇਆਮ ਕੀਤਾ, ਉਦੋਂ ਕੌਮ ਦੇ ਸਿੱਖ ਯੋਧਿਆਂ ਨੇ ਆਪਣੇ ਸੁਨਹਿਰੀ ਭਵਿੱਖ , ਘਰ ਬਾਰ ਦਾ ਤਿਆਗ ਕਰਦਿਆਂ ਦੂਜੇ ਲਫਜਾਂ ਵਿੱਚ ਫੁੱਲਾਂ ਦੀ ਸੇਜ ਨੂੰ ਛੱਡ ਕੇ ਕੰਢਿਆਂ ਰੂਪੀ ਰਸਤੇ ਨੂੰ ਅਪਣਾਇਆ ਹੈ । ਵੀਹਵੀਂ ਸਦੀ ਵਿੱਚ ਜਦੋਂ ਸਿੱਖ ਕੌਮ ਨੂੰ ਖਤਮ ਕਰਨ ਲਈ ਹਰ ਪਾਸਿਉਂ ਯਤਨ ਹੋ ਰਹੇ ਸਨ ਅਤੇ ਸੱਤਰਵਿਆਂ ਦੇ ਅੱਧ ਵਿੱਚਕਾਰ ਇਹ ਹੋਰ ਵੀ ਭਿਆਨਕ ਰੂਪ ਅਖਤਿਆਰ ਕਰਨ ਜਾ ਰਹੇ ਸਨ ਤਾਂ ਕੌਮ ਨੂੰ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾਭਿੰਡਰਾਂਵਾਲੇ ਧਾਰਮਿਕ ਅਤੇ ਰਜਨੀਤਕ ਆਗੂ ਵਜੋਂ ਪ੍ਰਾਪਤ ਹੋਏ। ਮਹਾਂ ਨਾਇਕ, ਮਹਾਨ ਤਪੱਸਵੀ ਅਤੇ ਸੂਰਬੀਰ ਯੋਧੇ ਜਰਨੈਲ ਨੇ ਪਤਿਤਪੁਣੇ ਨੂੰ ਠੱਲ੍ਹ ਪਾਉਂਦਿਆਂ, ਸਿੱਖ ਇਨਕਲਾਬ ਦੀ ਲਹਿਰ ਦਾ ਅਗਾਜ਼ ਕਰਦਿਆਂ ਗੁਰਮਿਤ ਅਤੇ ਸਿੱਖ ਇਤਹਿਾਸ ਦੀਆਂ ਪ੍ਰੰਪਰਾਵਾਂ ਅਨੁਸਾਰ ਕੌਮ ਦੇ ਹਰ ਖੇਤਰ ਦੇ ਸਿੱਖ ਵਿਰੋਧੀਆਂ ਨੂੰ ਉਸੇ ਭਾਸ਼ਾ ਵਿੱਚ ਮੋੜਵਾਂ ਉੱਤਰ ਦੇਣਾ ਅਰੰਭ ਕੀਤਾ ਜਿਹੜੀ ਭਾਸ਼ਾ ਉਹ ਸਮਝਦੇ ਸਨ। ਆਪ ਜੀ ਦੀ ਅਤਿ ਨਿਰਮਲ ,ਅਗੰਮੀ ਅਤੇ ਸੱਤਵਾਦੀ ਸਖਸ਼ੀਅਤ ਦੇ ਪ੍ਰਭਾਵ ਨਾਲ ਸਿੱਖ ਨੌਜਵਾਨਾਂ ਦੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵੀ ਬਹੁਤ ਹੀ ਤੇਜ਼ੀ ਨਾਲ ਬੁਲੰਦੀਆਂ ਵਲ ਵਧਣ ਲੱਗ ਪਈ ।

ਭਾਈ ਦਲਜੀਤ ਸਿੰਘ ਬਿੱਟੂ ਦਾ ਜੱਦੀ ਪਿੰਡ ਤੇਹਿੰਗ ਜਿਲ੍ਹਾ ਜਲੰਧਰ ਹੈ ਪਰ ਕਾਫੀ ਅਰਸੇ ਤੋਂ ਉਹਨਾਂ ਦਾ ਪਰਿਵਾਰ ਲਧਿਆਣੇ ਵਿਖੇਰਹਿ ਰਿਹਾ ਹੈ। ਭਾਈ ਦਲਜੀਤ ਸਿੰਘ ਬਿੱਟੂ ਦਾ ਨਾਮ ਸਾਲ 1985 ਦੌਰਾਨ ਉਸ ਵਕਤ ਸਾਹਮਣੇ ਆਇਆ ਜਦੋਂ ਲੁਧਿਆਣੇ ਦੇ ਪੁਲੀਸ ਕਪਤਾਨ ਅਤੇ ਸਿੱਖਾਂ ਤੇ ਬੇਤਹਾਸ਼ਾ ਤਸ਼ੱਦਦ ਕਰਨ ਵਾਲੇ ਪਾਂਡੇ ਉੱਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ। ਇਸ ਤੋਂ ਬਾਅਦ ਆਪ ਰੂਪੋਸ਼ ਹੋ ਗਏ ਅਤੇ ਕੌਮ ਦੀ ਸੇਵਾ ਕਰਦੇ ਰਹੇ । ਮੇਰੀ ਭਾਈ ਦਲਜੀਤ ਸਿੰਘ ਬਿੱਟੂ ਨਾਲ ਪਹਿਲੀ ਮੁਲਾਕਾਤ 9 ਜੂਨ 1987 ਨੂੰਗੁਰਾਇਆਂ ਲਾਗੇ ਨਹਿਰ ਤੇ ਹੋਈ ਸੀ। ਉਸ ਦਿਨ ਭਾਈ ਬਿੱਟੂ ਨਾਲ ਸ਼ਹੀਦ ਭਾਈ ਚਰਨਜੀਤ ਸਿੰਘ ਤਲਵੰਡੀ ਅਤੇ ਮੇਰੇ ਨਾਲ ਸ਼ਹੀਦਭਾਈ ਗੁਰਨੇਕ ਸਿੰਘ ਨੇਕਾ ਮਹਿਸਮਪੁਰ ਸੀ। ਇਸ ਵਕਤ ਭਾਈ ਚਰਨਜੀਤ ਸਿੰਘ ਤਲਵੰਡੀ ਟਰੱਕ ਡਰਾਈਵਰ ਅਤੇ ਭਾਈ ਦਲਜੀਤ ਸਿੰਘ ਬਿੱਟੂ ਸਹਾਇਕ ਟਰੱਕ ਡਰਾਈਵਰ ਦੇ ਭੇਸ ਵਿੱਚ ਸਨ। ਉਸ ਵਕਤ ਇਹਨਾਂ ਨੂੰ ਬਿੱਟੂ ਦੀ ਬਜਾਏ ਸਤੀਸ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ । 1988 ਦੇ ਅੱਧ ਵਿਚਕਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਵਾਸੀ ਹਰੀਹਰ ਝੋਕ ਜਿਲ੍ਹਾ ਫਿਰੋਜਪੁਰ ਨੂੰ ਪੁਲੀਸ ਨੇ ਲੁਧਿਆਣੇ ਜਿਲ੍ਹੇ ਦੇ ਪਿੰਡ ਜਾਂਗਪੁਰ ਤੋਂ ਗ੍ਰਿਫਤਾਰ ਕਰ ਲਿਆ ।

ਭਾਈ ਸਾਹਿਬ ਸਫਲ ਜਥੇਬੰਦਕ ਆਗੂ, ਸਫਲ ਗੁਰੀਲਾ ਜਰਨੈਲ, ਉੱਚੇ ਇਖਲਾਕ, ਸੱਚ ਦੇ ਧਾਰਨੀ ਵਰਗੇ ਬਹੁਪੱਖੀ ਗੁਣਾਂ ਵਾਲੀ ਸ਼ਸ਼ੀਅਤ ਸਨ। ਦੂਜਾ ਪੰਜਾਬ ਦਾ ਪੁਲੀਸ ਮੁਖੀ ਜੇ ਐਫ ਰਿਬੈਰੋ ਅਕਸਰ ਹੀ ਐਲਾਨ ਕਰ ਰਿਹਾ ਸੀ ਕਿ ਅਗਰ ਪੰਜਾਬ ਮਸਲਾ ਹੱਲ ਕਰਨਾ ਹੈ ਤਾਂ ਗੁਰਜੀਤ ਸਿੰਘ ਸਾਡੇ ਹਵਾਲੇ ਕਰੋ। ਇਹੋ ਜਿਹੀ ਸ਼ਖਸ਼ੀਅਤ ਦੀ ਅਗਵਾਈ ਤੋਂ ਫੈਡਰਸ਼ਨ ਵਾਂਝੀ ਹੋ ਗਈ ਸੀ । ਤਾਂ ਅਜਿਹੇ ਮੌਕੇ ਭਾਈ ਸਾਹਿਬ ਵਰਗਾ ਪ੍ਰਧਾਨ ਲੱਭਣਾ ਫੈਡਰੇਸ਼ਨ ਸਾਹਮਣੇ ਵੱਡੀ ਚੁਣੌਤੀ ਸੀ । ਉਸ ਵਕਤ ਅਸੀਂ ਸ਼ਹੀਦ ਭਾਈ ਸੱਤਪਾਲਸਿੰਘ ਢਿੱਲੋਂ ਨਾਲ ਫੈਡਰੇਸ਼ਨ ਦੀ ਲੀਡਰਸ਼ਿੱਪ ਦਾ ਇੱਕ ਹਿੱਸਾ ਖਾਸ ਕਰਕੇ ਭਾਈ ਗੁਰਜੀਤ ਸਿੰਘ ਗਰੁੱਪ ਦੇ ਬਹੁਤੇ ਸਿੰਘ ਨਾਭਾ ਜੇਹਲਵਿੱਚ ਬੰਦ ਸਨ। ਸਭ ਦੀ ਸਲਾਹ ਲਈ ਗਈ ਆਖਰ ਦਲਜੀਤ ਸਿੰਘ ਬਿੱਟੂ ਦੇ ਨਾਮ ਤੇ ਸਹਿਮਤੀ ਹੋਈ । ਖਾਲਿਤਸਾਨ ਦੀ ਜੰਗੇਅਜ਼ਾਦੀ ਦੇ ਅਲਬੇਲੇ ਜਰਨੈਲ ਸ਼ਹੀਦ ਜਨਰਲ ਲਾਭ ਸਿੰਘ ਦੇ ਨਾਮ ਪੱਤਰ ਤੇ ਦਸਖਤ ਕਰਕੇ ਭੇਜੇ ਗਏ । ਦੂਜੇ ਪਾਸੇ ਭਾਈ ਦਲਜੀਤ ਸਿੰਘ ਬਿੱਟੂ ਨਾਲ ਜਦੋਂ ਸਿੰਘਾਂ ਨੇ ਇਸ ਬਾਬਤ ਗੱਲ ਕੀਤੀ ਤਾਂ ਉਹਨਾਂ ਦਾ ਜਵਾਬ ਸੀ ਕਿ ਦੇਖੋ ਫੈਡਰੇਸ਼ਨ ਦਾ ਪ੍ਰਧਾਨ ਤਾਂ ਅੰਮ੍ਰਿਤਧਾਰੀ ਹੋਣਾ ਚਾਹੀਦਾ ਜਦ ਕਿ ਮੈਂ ਕਲੀਨਸ਼ੇਵ ਹਾਂ ਇਹ ਨਹੀਂ ਹੋ ਸਕਦਾ ਮੈਨੁੰ ਜਿੱਥੇ ਹਾਂ ਸੇਵਾ ਕਰੀ ਜਾਣ ਦਿਉ ।

ਪਰ ਜਦੋਂ ਸਿੰਘਾਂ ਨੇ ਇਸ ਨੂੰ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਸ਼ਹੀਦ ਜਨਰਲ ਲਾਭ ਸਿੰਘ ਮੁਖੀ ਖਾਲਿਸਤਾਨ ਕਮਾਂਡੋ ਫੋਰਸ ਅਤੇ ਫੈਡਰੇਸ਼ਨ ਦੇ ਸਿੰਘਾਂ ਦਾ ਸਮੁੱਚਾ ਫੈਂਸਲਾ ਦੱਸਿਆ ਤਾਂ ਭਾਈ ਬਿੱਟੂ ਦਾ ਜਵਾਬ ਸੀ ਕਿ ਮੈਨੂੰ ਕੁੱਝ ਵਕਤ ਦਿਉ ਪਹਿਲਾਂ ਮੈਂ ਅੰਮ੍ਰਿਤ ਛਕਾਂਗਾ । ਇਸੇ ਤਰਾਂ ਹੀ ਕੀਤਾ ਗਿਆ ਅੰਮਿਤਪਾਨ ਕਰਵਾ ਕੇ ਭਾਈ ਬਿੱਟੂ ਦੇ ਰੂਪ ਵਿੱਚ ਸਿੱਖ ਸਟੂਡੈਂਟਸਫੈਡਰੇਸ਼ਨ ਦੀ ਅਗਵਾਈ ਅਜਿਹੇ ਵਿਆਕਤੀ ਨੂੰ ਸੌਂਪ ਦਿੱਤੀ ਗਈ ਜਿਸ ਦੀ ਸੋਚ, ਦ੍ਰਿੜਤਾ, ਦੂਰ ਅੰਦੇਸ਼ੀ, ਗੱਲ ਕਰਨ ਦਾ ਅੰਦਾਜ਼ ਸਤਿਕਾਰਯੋਗ ਸ਼ਹੀਦ ਭਾਈ ਗੁਰਜੀਤ ਸਿੰਘ ਵਰਗਾ ਸੀ। ਭਾਈ ਦਲਜੀਤ ਸਿੰਘ ਬਿੱਟੂ ਨੇ ਫੈਡਰੇਸ਼ਨ ਨੂੰ ਅਜਿਹੀ ਸੇਧ ਦਿੱਤੀ ਕਿ ਜਲਦੀ ਹੀ ਸਿੱਖ ਸੰਘਰਸ਼ ਦੀ ਅਗਵਾਈ ਕਰ ਰਹੀ ਪੰਜ ਮੈਂਬਰੀ ਪੰਥਕ ਕਮੇਟੀ ਦਾ ਮੈਂਬਰ ਨਿਯੁਕਤ ਕਰ ਲਿਆ ਗਿਆ।

ਭਾਈ ਦਲਜੀਤ ਸਿੰਘ ਬਿੱਟੂ ਇੱਕ ਅਜਿਹਾ ਇਨਸਾਨ ਹੋ ਨਿੱਬੜਿਆ ਜਿਸ ਦੇ ਧੀਰਜ ,ਸਹਿਜ , ਠਰੰ੍ਹਮੇ ਦੀ ਹਰ ਕੋਈ ਦਾਦ ਦਿਆ ਕਰਦਾ ਸੀ। ਆਪ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਨਾਲ ਸੱਚ ਦੇ ਧਾਰਨੀ ਭਾਈ ਗੁਰਜੀਤ ਸਿੰਘ ਜੀ ਜਦੋ ਪੁਲੀਸ ਦੇ ਗ੍ਰਿਫਤ ਚੋਂ ਅਜ਼ਾਦਹੋਏ ਤਾਂ ਆਪ ਨੇ ਭਾਈ ਸਾਹਿਬ ਨੂੰ ਫੈਡਰੇਸ਼ਨ ਦੀ ਪ੍ਰਧਾਨਗੀ ਵਾਪਸ ਲੈ ਕੇ ਅਗਵਾਈ ਕਰਨ ਦੀ ਬੇਨਤੀ ਕੀਤੀ ਜੋ ਕਿ ਭਾਈ ਗੁਰਜੀਤਸਿੰਘ ਜੀ ਨੇ ਨਾ ਮਨਜੂਰ ਕਰਦਿਆਂ ਇੰਨਾ ਹੀ ਆਖਿਆ ਕਿ ਤੇਰੇ ਅਤੇ ਮੇਰੇ ਵਿੱਚ ਕੀ ਅੰਤਰ ਹੈ ਵੈਸੇ ਵੀ ਮੇਰਾ ਹੁਣ ਜੂਝ ਕੇ ਸ਼ਹੀਦ ਹੋਣ ਦਾ ਵਕਤ ਨਜ਼ਦੀਕ ਆ ਰਿਹਾ ਪ੍ਰਤੀਤ ਹੁੰਦਾ ਹੈ ਇਸ ਕਰਕੇ ਬਿਹਤਰ ਇਹੀ ਹੈ ਕਿ ਫੈਡਰੇਸ਼ਨ ਦੀ ਅਗਵਾਈ ਤੂੰ ਹੀ ਕਰੀ ਜਾ। ਇਹ ਇੱਕ ਅਜਿਹਾ ਵਾਰਤਾਪਾਲ ਸੀ, ਜਿਸ ਨਾਲ ਭਾਈ ਦਲਜੀਤ ਸਿੰਘ ਬਿੱਟੂ ਤੇ ਲਗਾਏ ਜਾਂਦੇ ਰਹੇ ਇਹ ਸਾਰੇ ਦੋਸ਼ ਮੁੱਢੋਂ ਰੱਦ ਹੋ ਜਾਂਦੇ ਹਨ ਕਿ ਉਹ ਕਬਜ਼ਾ ਕਰੂ ਨੀਤੀ ਦਾ ਮਾਲਕ ਹੈ, ਵਗੈਰਾ ਵਗੈਰਾ ਆਦਿ । ਮੌਜੂਦਾ ਸਮੇਂ ਵਿੱਚ ਸਿਰਸੇ ਵਾਲੇ ਸਾਧ ਖਿਲਾਫ ਸੰਘਰਸ਼ ਵਿੱਢਣ ਅਤੇ ਅਤੀਤ ਵਿਚ ਜਦੋਂ ਵੀ ਪੰਥਕ ਏਕੇ ਦੀ ਗੱਲ ਚੱਲੀ ਤਾਂ ਭਾਈ ਬਿੱਟੂ ਨੇ ਹਮੇਸ਼ਾਂ ਹੀ ਪਹਿਲ ਕਦਮੀਂ ਦਿਖਾਈ, ਭਾਵੇਂ ਕਿ ਇਸ ਬਦਲੇਉਸਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਰ ਜਦੋਂ ਇਰਾਦਾ ਦ੍ਰਿੜ ਹੋਵੇ, ਨੀਅਤ ਨੇਕ ਹੋਵੇ, ਭਾਵਨਾ ਸੁੱ਼ਧ ਹੋਵੇ ਉੱਦੋਂ ਗੁਰੂ ਸਹਿਬਾਨ ਦੀ ਕ੍ਰਿਪਾ ਨਾਲ ਕਾਮਯਾਬੀ ਪ੍ਰਾਪਤ ਹੋ ਹੀ ਜਾਂਦੀ ਹੈ।

ਖਾੜਕੂ ਸੰਘਰਸ਼ ਦੀ ਚੜ੍ਹਤ ਵੇਲੇ ਗੱਲ ਚੱਲੀ ਸੀ ਕਿ ਸਾਰੀਆਂ ਫੈਡਰੇਸ਼ਨਾਂ ਨੂੰ ਭੰਗ ਕਰਕੇ ਇੱਕ ਸਾਂਝੀ ਫੈਡਰੇਸ਼ਨ ਕਾਇਮ ਕੀਤੀ ਜਾਵੇ ਤਾਂ ਭਾਈ ਬਿੱਟੂ ਨੇ ਤੁਰੰਤ ਆਪਣਾ ਗਰੁੱਪ ਭੰਗ ਕਰ ਦਿੱਤਾ, ਜਦਕਿ ਸ਼ੈਤਾਨ ਕਿਸਮ ਦੇ ਲੋਕ ਜਿਹਨਾਂ ਵਿੱਚ ਮਹਿਤਾ, ਚਾਵਲਾ ਵਰਗੇ ਵਿਸ਼ਵਾਸ਼ਘਾਤੀ ਵਿਅਕਤੀ ਸ਼ਾਮਲ ਸਨ ਉਹਨਾਂ ਨੇ ਆਪਣੇ ਅਹੁਦੇਦਾਰਾਂ ਤੋਂ ਅਸਤੀਫੇ ਲੈ ਲਏ ਅਤੇ ਆਪਣੇ ਵਾਅਦੇ ਤੋਂ ਮੁਕੱਰ ਗਏ। ਢਾਈ ਕੁ ਸਾਲ ਭਾਈ ਬਿੱਟੂ ਆਪਣੀ ਰੋਪੜ ਲਾਗੇ ਠਾਹਰ ਤੇ ਰਹਿੰਦੇ ਰਹੇ ਜਿੱਥੋਂ ਉਹਨਾਂ ਨੂੰ ਭਾਈ ਗਾਮੇ ਨਾਲ ਐੱਪਰੈਲ 1996ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋ ਦਰਜਨ ਤੋਂ ਵੱਧ ਕੇਸ ਪਾ ਕੇ ਨਾਭਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਜੇਹਲ ਵਿੱਚ ਜਾ ਕੇ ਉਹਨਾਂ ਪਹਿਲਾ ਕੰਮ ਸਿੱਖ ਸੰਘਰਸ਼ ਦੀਆਂ ਸਫਲਤਾਵਾਂ ਦਰਪੇਸ਼ ਚੁਣੌਤੀਆਂ ਤੇ ਅਧਾਰਿਤ ‘ਭਵਿੱਖ ਫਿਰ ਵੀ ਸਾਡਾ ਹੈ’ ਨਾਮਕ ਸਿਧਾਂਤਕ ਕਿਤਾਬਚਾ ਲਿਖ ਕੇ ਜਾਰੀ ਕੀਤਾ । ਜਿਸ ਵਿੱਚ ਸੰਘਰਸ਼ ਵਿਰੋਧੀਆਂ ਦੀਆਂ ਟਿੱਪਣੀਆਂ ਨੂੰ ਦਲੀਲਾਂ ਸਹਿਤ ਰੱਦ ਕਰਦਿਆਂਚੋਣਾਂ ਦੇ ਬਾਈਕਾਟ ਸਬੰਧੀ ਖਾੜਕੂ ਆਗੂਆਂ ਦੇ ਸਟੈਂਡ ਤੋਂ ਲੈ ਕੇ ਸੰਘਰਸ਼ ਨਾਲ ਸਬੰਧਤ ਹਰ ਗੱਲ ਨੂੰ ਸਪੱਸ਼ਟ ਕੀਤਾ ਗਿਆ। ਨੌਂ ਸਾਲ ਦੀ ਕਨੂੰਨੀ ਲੜਾਈ ਲੜਕੇ ਲੁਧਿਆਣਾ ਬੈਂਕ ਡਾਕੇ ਤੋਂ ਬਿਨਾਂ ਬਾਕੀ ਸਾਰੇ ਕੇਸਾਂ ਚੋਂ ਬਰੀ ਹੋਣ ਮਗਰੋਂ ਰਿਹਾਅ ਹੋ ਗਏ।ਪਿਛਲੇ ਦੋ ਸਾਲ ਤੋਂ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦਾ ਗਠਨ ਕਰਕੇ ਸਿੱਖ ਪੰਥ ਦੀ ਸੇਵਾ ਕਰ ਰਹੇ ਹਨ।

ਗਿਆਰਾਂ ਸਾਲ ਰੁਪੋਸ਼ ਅਤੇ ਨੌਂ ਸਾਲ ਜੇਹਲ ਵਿੱਚ ਬਤੀਤ ਕਰਨ ਬਆਦ ਅੱਜ ਵੀ ਭਾਈ ਬਿੱਟੂ ਵਿੱਚ ਉਹੀ ਦ੍ਰਿੜਤਾ ਅਤੇ ਕੌਮੀ ਪਿਆਰ ਦਾ ਜ਼ਜਬਾ ਹੈ ਜਿਹੜਾ 22ਸਾਲ ਪਹਿਲਾਂ ਸੀ। ਇਸ ਦੀ ਪ੍ਰਤੱਖ ਮਿਸਾਲ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਨੇ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਪੈਰਵਾਈ ਕਰਨੀ ਜਾਰੀ ਰੱਖੀ ਹੈ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਦਾ ਦੁੱਖ ਵੰਡਾਉਣ ਦਾ ਕਾਰਜ ਅਰੰਭਿਆ ਹੈ। ਸਿਰਸੇ ਵਾਲੇ ਸਾਧ ਖਿਲਾਫ ਢਾਈ ਸਾਲ ਤੋਂ ਚੱਲ ਰਹੇ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕੀਾ ਜਾ ਰਿਹਾ ਹੈ, ਜਿਸ ਦੀ ਬਾਦਲ ਸਰਕਾਰ ਨੂੰ ਡਾਹਢੀ ਤਕਲੀਫ ਹੈ। ਇਸੇ ਤਕਲੀਫ ਕਰਕੇ ਹੀ ਭਾਈ ਬਿੱਟੂ ਅਤੇ ਉਹਨਾਂ ਦੇ ਪੰਜ ਦਰਜਨ ਤੋਂਂ ਵੱਧ ਸਾਥੀਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਅੱਜ ਸਮੁੱਚੀ ਕੌਮ ਨੂੰ ਭਾਈ ਦਲਜੀਤ ਸਿੰਘ ਦੇ ਹੱਕ ਵਿੱਚ ਡੱਟ ਕੇ ਖਲੋਣ ਦੀ ਜਰੂਰਤ ਹੈ। ਇਸ ਦੇ ਨਾਲ ਸਿੱਖਾਂ ਅਤੇ ਸਿੱਖੀ ਦੇ ਕਾਤਲਾਂ, ਸਿੱਖਾਂ ਅਤੇ ਸਿੱਖੀ ਨਾਲ ਵਿਸ਼ਵਾਸ਼ਘਾਤ ਕਰਨ ਵਾਲਿਆਂ, ਜਿਹੜੇ ਖਾਲਿਸਤਾਨ ਦੇ ਸ਼ਹੀਦਾਂ ਦਾਨਾਮ ਵਰਤ ਕੇ ਤੋਰੀ ਫੁਲਕਾ ਚਲਾ ਰਹੇ ਅਤੇ ਉਹਨਾਂ ਸਤਿਕਾਰਯੋਗ ਸ਼ਹੀਦਾਂ ਦਾ ਨਾਲੋ ਨਾਲ ਅਪਮਾਨ ਕਰਨ ਵਾਲੇ ਸਿਆਸੀ ਲੋਕਾਂਅਤੇ ਖਾੜਕੂਆਂ ਨੂੰ ਕਾਂਗਰਸ ਦੀ ਪੈਦਾਇਸ਼ , ਪਾਕਿਸਤਾਨ ਦੇ ਏਜੰਟ ਆਖ ਕੇ ਭੰਡਣ ਵਾਲੇ ਅਖੌਤੀ ਖਾਲਿਸਤਾਨੀਆਂ ਅਤੇ ਖਾਲਿਸਤਾਨ ਦੇ ਵਪਾਰੀਆਂ ਨੂੰ ਨਕਾਰਨ ਦੀ ਸਖਤ ਲੋੜ ਹੈ।

ਜਿੱਤ ਹਮੇਸ਼ਾਂ ਸੱਚ ਦੀ ਹੋਵੇਗੀ। ਖਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ ਹੈ ਪਰ ਇਹ ਕੇਵਲ ਕਹਿਣ ਨਾਲ ਜਾਂ ਨਾਹਰਿਆਂ ਨਾਲ ਪ੍ਰਾਪਤ ਨਹੀਂ ਹੋਣਾ। ਇਸ ਲਈ ਸਾਰਥਕ ਯਤਨਾਂ ਦੀ ਵੀ ਸਖਤ ਲੋੜ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਸੱਦੇ ਤੇ ਦੁਨੀਆਂ ਭਰ ਵਿੱਚ ਪੰਥ ਦਰਦੀਆਂ ਵਲੋਂ 20 ਸਤੰਬਰ ਨੂੰ ਇਹਨਾਂ ਸਿੰਘਾਂ ਦੀ ਚੜਦੀ ਕਲਾ ,ਬੰਦ ਖਲਾਸੀ ਲਈ ਅਰਦਾਸ ਦਿਵਸ ਮਨਾਇਆ ਗਿਆ ਹੈ। ਇਸ ਧਾਰਮਿਕ ਕਾਰਜ ਤੋਂ ਬਾਅਦ ਯੂਰਪ ਭਰ ਦੀਆਂ ਭਾਈ ਦਲਜੀਤ ਸਿੰਘ ਬਿੱਟੂ ਜਥੇਬੰਦੀਆਂ ਵਲੋਂ ਜਨੇਵਾ ਸਥਿਤ ਸੰਯੁਕਤ ਰਾਸ਼ਟਰ ਅੱਗੇ ਮੁਜ਼ਾਹਰਾ ਕੀਤਾ ਜਾਵੇਗਾ ਜਿਸ ਦਾ ਵੇਰਵਾ ਜਲਦੀ ਹੀ ਨਸ਼ਰ ਕਰ ਦਿੱਤਾ ਜਾਵੇਗਾ। ਅਜਿਹੇ ਰੋਸ ਮੁਜ਼ਾਹਰੇ ਦੁਨੀਆਂ ਦੇ ਵੱਖ ਵੱਖ ਮੁਲਕਾਂ, ਜਿੱਥੇ ਸਿੱਖ ਵਸਦੇ ਹਨ, ਕਰਨ ਦੀ ਲੋੜ ਹੈ।

Content Identification: Struggling Leader of Sikh Nation - Bhai Daljeet Singh Bittu (by Lashwinder Singh Dallewal)