(21 ਅਗਸਤ, 2008 )
ਸਟੂਡੈਂਟਸ ਫੈਡਰੇਸ਼ਨ ਦਾ ਇੱਕ ਉੱਚ ਪੱਧਰੀ ਵਫਦ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਸ. ਜਸਪਾਲ ਸਿੰਘ ਨੂੰ ਮਿਲਿਆ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਦੀ ਅਗਵਾਈ ਵਾਲੇ ਇਸ ਵਫਦ ਨੇ ਉਪ-ਕੁਲਪਤੀ ਨਾਲ ਪੰਜਾਬ ਅੰਦਰ ਪਾਣੀ ਦੀ ਦਿਨ-ਬ-ਦਿਨ ਵੱਧ ਰਹੀ ਸਮੱਸਿਆ ਬਾਰੇ ਗੰਭੀਰ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਫੈਡਰੇਸ਼ਨ ਵਲੋਂ ਪਾਣੀਆਂ ਦੀ ਸਮੱਸਿਆ ਬਾਰੇ ਵਿਸਤਾਰ ਵਿੱਚ ਜਾਣਕਾਰੀ ਦੇਂਦਾ ਦਸਤਾਵੇਜ ‘‘ਜਲ ਬਿਨੁ ਸਾਖ ਕੁਮਲਾਵਤੀ’’ ਸ. ਜਸਪਾਲ ਸਿੰਘ ਨੂੰ ਭੇਂਟ ਕੀਤਾ ਗਿਆ। ਵਫਦ ਨੇ ਪੰਜਾਬੀ ਯੂਨੀਵਰਸਿਟੀ ਦੇ ਪੱਧਰ ਉੱਪਰ ਇਸ ਸਮੱਸਿਆ ਨਾਲ ਨਜਿੱਠਣ ਲਈ ਕੁਝ ਫੌਰੀ ਕਦਮ ਚੁੱਕਣ ਦੀ ਲੋੜ ਉੱਪਰ ਜੋਰ ਦਿੱਤਾ।
ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਅਦਾਰੇ ਵਿੱਚ ਬਣ ਰਹੀਆਂ ਸਮੁੱਚੀਆਂ ਇਮਾਰਤਾ ਦੀ ਛੱਤ ਦਾ ਪਾਣੀ ਜਮੀਨਦੋਜ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋਂ ਜਮੀਨੀ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਕੁਝ ਠੱਲ ਪਾਈ ਜਾ ਸਕੇ। ਆਗੂਆਂ ਨੇ ਅਦਾਰੇ ਦੇ ਮੁਖੀ ਨੂੰ ਭਰੋਸਾ ਦਿਵਾਇਆ ਕਿ ਜੇਕਰ ਪ੍ਰਸ਼ਾਸਨ ਮੌਜੂਦਾ ਇਮਾਰਤਾਂ ਦਾ ਪਾਣੀ ਜਮੀਨਦੋਜ਼ ਕਰਨ ਲਈ ਕੋਈ ਯੋਜਨਾ ਉਲੀਕਦਾ ਹੈ ਤਾਂ ਜਥੇਬੰਦੀ ਇਸ ਵਿਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਵੇਗੀ। ਉਧਰ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਸ. ਜਸਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਇਮਾਰਤਾ ਦਾ ਪਾਣੀ ਜਮੀਨ ਵਿੱਚ ਪਾਉਣ ਸੰਬੰਧੀ ਵਿਚਾਰ ਕਰ ਰਿਹਾ ਹੈ ਅਤੇ ਨੇੜਲੇ ਭਵਿੱਖ ਵਿਚ ਇਸ ਨੂੰ ਅਮਲੀ ਰੂਪ ਦਿੱਤਾ ਜਾਵੇਗਾ।
ਫੈਡਰੇਸ਼ਨ ਆਗੂਆਂ ਨੇ ਦੱਸਿਆ ਕਿ ਇਸ ਮੌਕੇ ਜਥੇਬੰਦੀ ਵਲੋਂ ਯੂਨੀਵਰਸਿਟੀ ਵਿੱਚ ਸਤੰਬਰ ਮਹੀਨੇ ਦੌਰਾਨ ਪਾਣੀਆਂ ਦੀ ਸਮੁੱਚੀ ਸਮੱਸਿਆਂ ਉੱਪਰ ਇਕ ਸੈਮੀਨਾਰ ਕਰਵਾਉਣ ਸੰਬੰਧੀ ਵੀ ਵਿਚਾਰਾਂ ਹੋਈਆਂ। ਇਸ ਸੈਮੀਨਾਰ ਵਿੱਚ ਮਾਹਿਰ ਅਤੇ ਵਿਦਵਾਨ ਵਿਦਿਆਰਥੀਆਂ ਨੂੰ ਸਮੱਸਿਆ ਦੇ ਵੱਖ-ਵੱਖ ਪੱਖਾਂ ਅਤੇ ਸੰਭਾਵੀ ਹੱਲਾਂ ਬਾਰੇ ਜਾਣਕਾਰੀ ਦੇਣਗੇ। ਇਸ ਵਫਦ ਵਿੱਚ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਸ. ਮੱਖਣ ਸਿੰਘ ਗੰਢੂਆ, ਸ. ਕਮਲਜੀਤ ਸਿੰਘ (ਕੌਮੀ ਬੁਲਾਰਾ), ਸ. ਪਰਮਜੀਤ ਸਿੰਘ (ਜਿਲਾ ਪ੍ਰਧਾਨ ਪਟਿਆਲਾ), ਸ. ਅਜਾਦ ਸਿੰਘ (ਇਕਾਈ ਪ੍ਰਧਾਨ) ਅਤੇ ਸ. ਕਰਮਜੀਤ ਸਿੰਘ ਸ਼ਾਮਿਲ ਸਨ।
Source: http://www.sikhstudentsfederation.com/link6/2008-08-21-press-release-reg-water.html
No comments:
Post a Comment