ਪੰਜਾਬੀ ਬਚਾਉਣ ਦੀ ਦੁਹਾਈ ਦੇ ਨਾਂ ਹੇਠ ਪੰਜਾਬੀ ਦੀ ਤਬਾਹੀ ਉਠਾਈ ਜਾ ਰਹੀ ਹੈ - ਫੈਡਰੇਸ਼ਨ
ਪਟਿਆਲਾ (15-11-2008) ‘‘ਜਦੋਂ ‘ਹਫਤੇ’ ਦਾ ‘ਸਪਤਾਹ’ ਅਤੇ ‘ਨੌਜਵਾਨ’ ਦਾ ‘ਯੁਵਕ’ ਬਣ ਚੁੱਕਾ ਹੈ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ‘ਪੰਜਾਬੀ’ ਜੁਬਾਨ ਦਾ ਹੁਣ ਰੱਬ ਹੀ ਰਾਖਾ ਹੈ।’’ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜਾਰੀ ਇਕ ਬਿਆਨ ਵਿਚ ਕੀਤਾ ਗਿਆ। ਇਸ ਬਿਆਨ ਵਿੱਚ ਫੈਡਰੇਸ਼ਨ ਦੇ ਪ੍ਰਚਾਰ ਸਕੱਤਰ ਸ. ਹਰਿੰਦਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬੀ ਬਾਰੇ ਸਰਕਾਰ ਅਤੇ ਇਸ ਦੇ ਅਦਾਰਿਆ ਵੱਲੋਂ ਦਿਖਾਇਆ ਜਾ ਰਿਹਾ ਹੇਜ ਸਿਰਫ ਅਖਬਾਰੀ ਬਿਆਨਬਾਜੀ ਹੀ ਹੈ। ਮੂਲ ਰੂਪ ਵਿੱਚ ਪੰਜਾਬੀ ਦਾ ਸਭ ਤੋਂ ਵੱਧ ਘਾਣ ਸਰਕਾਰੀ ਇਸ਼ਤਿਹਾਰਾਂ ਅਤੇ ਪੰਜਾਬੀ ਯੂਨੀਵਰਸਿਟੀ ਵਰਗੇ ਅਦਾਰੇ ਹੀ ਕਰ ਰਹੇ ਹਨ। ਉਨਾਂ ਦੱਸਿਆ ਕਿ 15 ਅਕਤੂਬਰ ਦੇ ਅਖਬਾਰਾਂ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਇੱਕ ਇਸ਼ਤਿਹਾਰ ਛਾਪਿਆ ਹੈ ਜਿਸ ਵਿੱਚ ਪੰਜਾਬੀ ਦਾ ਰੱਜ ਕੇ ਹਿੰਦੀਕਰਨ ਕੀਤਾ ਗਿਆ ਹੈ। ਇਸ਼ਤਿਹਾਰ ਵਿੱਚ ਜਿੱਥੇ ‘ਹਫਤੇ’ ਨੂੰ ‘ਸਪਤਾਹ’ ਲਿਖਿਆ ਗਿਆ ਹੈ ਓਥੇ ‘ਵਾਟਰਸ਼ੈਡ’, ‘ਵਾਟਰ ਮੈਨੇਜਮੈਂਟ’ ਆਦਿ ਅੰਗਰੇਜ਼ੀ ਸ਼ਬਦ ਗੁਰਮੁਖੀ ਲਿੱਪੀ ਵਿੱਚ ਲਿਖ ਕੇ ਇਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਇਸ਼ਤਿਹਾਰ ਪੰਜਾਬੀ ਵਿੱਚ ਹੈ। ਇਸੇ ਤਰਾਂ ਪੰਜਾਬੀ ਯੂਨੀਵਰਸਿਟੀ ਵੀ ਪੰਜਾਬੀ ਦੇ ਹਿੰਦੀਕਰਨ ਵਿੱਚ ਕਿਸੇ ਤਰਾਂ ਪਿੱਛੇ ਨਹੀਂ ਹੈ। ਅਦਾਰੇ ਵਿੱਚ ਚੱਲ ਰਹੇ ‘ਨੌਜਵਾਨ ਮੇਲੇ’ ਨੂੰ ‘ਯੁਵਕ ਮੇਲੇ’ ਦਾ ਨਾਂ ਦਿੱਤਾ ਗਿਆ ਹੈ। ਨੌਜਵਾਨਾਂ ਦੀ ਭਲਾਈ ਲਈ ਬਣੇ ਮਹਿਕਮੇ ਦਾ ਨਾਂ ‘ਯੁਵਕ ਭਲਾਈ ਵਿਭਾਗ’ ਹੈ। ਅਦਾਰੇ ਵੱਲੋਂ ਛਾਪੀ ਸ਼ਬਦ ਤਰਤੀਬ ਪੋਥੀ ਨੂੰ ‘ਸ਼ਬਦ ਅਨੁਕ੍ਰਮਣਿਕਾ’ ਦਾ ਨਾਂ ਦਿੱਤਾ ਗਿਆ ਹੈ।
ਆਗੂ ਨੇ ਅੱਗੇ ਕਿਹਾ ਕਿ ਇਹ ਮਿਸਾਲਾਂ ਤਾਂ ਰੇਗਿਸਤਾਨ ਵਿੱਚੋਂ ਚੁਣੇ ਰੇਤ ਦੇ ਚਾਰ ਕਣਾਂ ਦੇ ਬਰਾਬਰ ਹੀ ਹਨ। ਸਰਕਾਰੀ ਇਸ਼ਤਿਹਾਰ, ਸਰਕਾਰੀ ਕੰਮਕਾਜ ਅਤੇ ਪੰਜਾਬੀ ਯੂਨੀਵਰਸਿਟੀ ਦੇ ਰੋਜਾਨਾ ਦਫਤਰੀ ਕੰਮ ਨੂੰ ਹੀ ਦੇਖ ਲਿਆ ਜਾਵੇ ਤਾਂ ਸਪੱਸ਼ਟ ਹੋ ਜਾਵੇਗਾ ਕਿ ਪੰਜਾਬੀ ਬਚਾਉਣ ਦੀ ਦੁਹਾਈ ਹੇਠ ਪੰਜਾਬੀ ਦੀ ਤਬਾਹੀ ਉਠਾਈ ਜਾ ਰਹੀ ਹੈ। ਉਨਾਂ ਸਮੂਹ ਪੰਜਾਬ ਵਾਸੀਆਂ ਅਤੇ ਪੰਜਾਬ ਹਿੱਤੂਆਂ ਨੂੰ ਇਸ ਅਮਲ ਬਾਰੇ ਸੁਚੇਤ ਹੋਣ ਦਾ ਹੋਕਾ ਦਿੱਤਾ।
No comments:
Post a Comment