- ਜਗਮੋਹਣ ਸਿੰਘ
1984 ਕਿਊਂ ਵਾਪਰਿਆ? ਭਾਰਤ ਅਤੇ ਸਿੱਖਾਂ ਵਿਚਕਾਰ ਟਕਰਾਅ ਦਾ ਮੂਲ ਕਾਰਨ ਕੀ ਹੈ? ਭਾਰਤੀ ਨਿਜ਼ਾਮ ਕਿਵੇਂ ਹਿੰਦੂ ਕੌਮੀਅਤ ਦਾ ਰਾਖਾ ਅਤੇ ਪ੍ਰੋੜ੍ਹਤਾ ਕਰਦਾ ਹੈ? ਭਾਰਤੀ ਨਿਜ਼ਾਮ ਦਾ ਨਸਲੀ ਕਿਰਦਾਰ ਕੀ ਹੈ? ਕੀ ਭਾਰਤੀ ਨਿਜ਼ਾਮ ਆਪਣੇ ਵਤੀਰੇ ਵਿੱਚ ਨਿਰਪੱਖ ਹੈ? ਇੱਕ ਆਮ ਸਿੱਖ ਦੇ ਮਨ ਵਿੱਚ ਦਰਬਾਰ ਸਾਹਿਬ ਦੀ ਕੀ ਥਾਂ ਹੈ? ਦਰਬਾਰ ਸਾਹਿਬ ਦੀ ਧਾਰਮਕ-ਸਿਆਸੀ ਕੀ ਮਹੱਤਤਾ ਹੈ? ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਸਮੂਹ ਨੂੰ ਜੰਗ ਦਾ ਮੈਦਾਨ ਕਿਉਂ ਬਣਾਇਆ? ਬਣਾਇਆ ਵੀ ਕਿ ਨਹੀਂ? ਅੱਜ ਸਿੱਖ 1984 ਦੇ ਸ਼ਹੀਦ ਸਿੰਘ-ਸਿੰਘਣੀਆਂ ਨੂੰ ਬਾਬਾ ਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਾਂਗ ਸ਼ਹੀਦ ਮੰਨਣ ਤੋਂ ਸੰਕੋਚ ਕਿਉਂ ਕਰ ਰਿਹਾ ਹੈ?
ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਹਨ ਅਜਮੇਰ ਸਿੰਘ ਦੀ ਨਵੀਂ ਕਿਤਾਬ ‘1984-ਅਣਚਿਤਵਿਆਂ ਕਹਿਰ’ ਵਿਚ। ਕਿਤਾਬ ਵਿੱਚ ਸਿਆਸੀ ਸਿਧਾਂਤ ਦੇ ਰਚਣਹਾਰ ਅਤੇ ਸਰਗਰਮ ਕਾਰਕੁੰਨ ਲਿਖਾਰੀ ਨੇ ਸਿੱਖ-ਹਿੰਦੂ ਸਬੰਧਾਂ ਦਾ ਗਹੁ ਨਾਲ ਵਿਸ਼ਲੇਸ਼ਣ ਕੀਤਾ ਹੈ ਤੇ ਪੰਜਾਬ ਦੇ ਅਜੋਕੇ ਇਤਿਹਾਸ ਦੀਆਂ ਗੁੰਝਲਦਾਰ ਪਰਤਾਂ ਨੂੰ ਉਘੇੜ ਕੇ ਪਾਠਕਾਂ ਨੂੰ ਵਿਚਾਰਨ ਲਈ ਭਰਪੂਰ ਖਜ਼ਾਨਾ ਮੁਹੱਈਆ ਕਰਵਾਇਆ ਹੈ।
ਅਜਮੇਰ ਸਿੰਘ ਨੇ ਹਾਲ ਹੀ ਵਿੱਚ ਇੱਕ ਲਿਖਾਰੀ ਦਾ ਰੋਲ ਅਖਤਿਆਰ ਕੀਤਾ ਹੈ, ਹਾਲਾਂਕਿ ਉਨ੍ਹਾਂ ਨੇ ਪਹਿਲਾਂ ਵੀ ਅਖਬਾਰੀ ਲੇਖਾਂ ਅਤੇ ਨਿਬੰਧਾਂ ਰਾਹੀਂ ਸਮਾਜਕ ਬਰਾਬਰਤਾ ਅਤੇ ਮਨੁੱਖੀ ਅਧਿਕਾਰਾਂ ਬਾਰੇ ਆਪਣੇ ਵਿਚਾਰ ਦੁਨੀਆਂ ਤਾਂਈ ਪਹੁੰਚਾਏ ਹਨ। ਇਸ ਨਵੀਂ ਪੁਸਤਕ ਵਿੱਚ ਲਿਖਾਰੀ ਅਜਮੇਰ ਸਿੰਘ ਨੇ ਬਿਨਾਂ ਹਿਚਕਿਚਾਹਟ, ਬਿਨਾਂ ਭੈਅ ਅਤੇ ਬਿਨਾਂ ਮੁੱਦੇ ਤੋਂ ਹਟੇ ਵਗੈਰ ਇਸ 12 ਕਾਂਡਾਂ ਵਾਲੀ ਪੁਸਤਕ ਵਿੱਚ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਦਾ ਬੜੇ ਵਿਸਥਾਰ ਨਾਲ ਸਬੂਤਾਂ ਸਮੇਤ ਵਿਚਾਰ ਕੀਤਾ ਹੈ। ਲਿਖਾਰੀ ਇਸ ਗੱਲ ਦੀ ਡੂੰਘਾਈ ਤੱਕ ਜਾਂਦਾ ਹੈ ਕਿ ਮੌਜੂਦਾ ਸਿੱਖ ਇਨਕਲਾਬ ਨੇ ਹਜ਼ਾਰਾਂ ਬੱਚਿਆਂ ਨੂੰ ਆਪਣੀ ਗੌਦ ਵਿੱਚ ਸਮਾ ਲਿਆ ਪਰ ਕੌਮ ਅੱਜ ਵੀ ਸੰਘਰਸ਼ ਦੀਆਂ ਪੈੜਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕੀ ਹੈ ਅਤੇ ਇਸ ਮਸਲੇ ਦੇ ਹੱਲ ਬਾਰੇ ਅਤੇ ਆਪਣੇ ਲੋਕਾਂ ਦੇ ਭਵਿੱਖ ਬਾਰੇ ਹਾਲੇ ਵੀ ਦੋਚਿੱਤੀ ਵਿੱਚ ਹੈ।
432 ਪੰਨਿਆਂ ਦੀ ਇਸ ਪੁਸਤਕ ਨੂੰ ਅੰਮ੍ਰਿਤਸਰ ਦੇ ਮਸ਼ਹੂਰ ਪ੍ਰਕਾਸ਼ਕ, ਸਿੰਘ ਬ੍ਰਦਰਜ਼ ਨੇ ਬਾਖੂਬੀ ਛਾਪਿਆ ਹੈ ਅਤੇ ਇਸ ਦਾ ਮੁੱਖ ਪੰਨਾ ਸੋਹਣਾ ਵੀ ਹੈ ਤੇ ਢੁਕਵਾਂ ਵੀ। ਕਿਤਾਬ ਨੂੰ ਜੇ ਇੱਕ ਫਿਕਰੇ ਵਿੱਚ ਸਮਾਇਆ ਜਾਏ ਤਾਂ ਉਹ 1984-ਪਿਛੋਕੜ, ਮੌਜੂਦਾ ਅਤੇ ਭਵਿੱਖ ਬਾਰੇ ਹੈ। ਭਾਰਤ ਸਰਕਾਰ, ਅਕਾਲੀ ਆਗੂ ਅਤੇ ਉਚ ਸਰਕਾਰੀ ਅਹੁਦਿਆਂ ‘ਤੇ ਸਜੇ ਸਿੱਖਾਂ ਦੇ ਰੋਲ ਬਾਰੇ ਦੱਸਦੀ ਇਹ ਕਿਤਾਬ ਬਹੁਤਿਆਂ ਨੂੰ ਝੰਜੋੜ ਦੇਵੇਗੀ ਅਤੇ ਪਰੇਸ਼ਾਨ ਕਰੇਗੀ। ਉਨ੍ਹਾਂ ਸਿੱਖਾਂ ਦੇ ਰੋਲ ਦਾ ਵਿਸ਼ੇਸ਼ ਜ਼ਿਕਰ ਹੈ ਜਿਨ੍ਹਾਂ ਨੇ ਸਿੱਖਾਂ ਦੀ ਪੀੜਾ ਨੂੰ ਦੁਰਕਾਰਿਆ ਅਤੇ ਸਰਕਾਰ ਨਾਲ ਮਿਲ ਕੇ “ਸਿੱਖਾਂ ਨੂੰ ਸਬਕ ਸਿਖਾਉਣ” ਦੇ ਸਰਕਾਰ ਦੇ ਤਹੀਏ ਦਾ ਦਿਲ ਖੋਲ ਕੇ ਸਾਥ ਦਿੱਤਾ ਤਾਂ ਜੋ ਸਿੱਖ ਆਪਣੀ ਅਨੋਖੀ ਪਹਿਚਾਣ, ਸਿਆਸੀ ਵਿਰੋਧ ਅਤੇ ਬਗਾਵਤ ਦਾ ਸਿਰ ਨਾ ਚੁੱਕ ਸਕਣ।
ਲਿਖਾਰੀ ਮੁਤਾਬਕ ਇਹ ਪੁਸਤਕ ਕਿਉਂ ਲਿਖਣੀ ਪਈ ਉਸਦਾ ਜਵਾਬ ਅਮਰੀਕੀ ਵਿਦਵਾਨ ਪ੍ਰੋ. ਹੌਵਰਡ ਜ਼ਿੱਨ ਦੇ ਲਫਜ਼ਾਂ ਤੋਂ ਸਮਝਿਆ ਜਾ ਸਕਦਾ ਹੈ। ਹਾਕਮਾਂ ਦੇ ਜਾਂ ਹਾਕਮਾਂ ਦੀ ਦ੍ਰਿਸ਼ਟੀ ਤੋਂ ਲਿਖੇ ਗਏ ਇਤਿਹਾਸ ਦੇ ਟਾਕਰੇ ਵਿੱਚ ਲੋਕਾਂ ਦੇ ਇਤਿਹਾਸ ਦੀ ਗੱਲ ਕਰਨ ਵਾਲੇ ਅਮਰੀਕੀ ਵਿਦਵਾਨ ਪ੍ਰੋ. ਹੌਵਰਡ ਜ਼ਿੱਨ ਕਹਿੰਦੇ ਹਨ ਕਿ “ਕਿਸੇ ਵੀ ਮਸਲੇ ਦਾ ਖੁਰਾ ਨੱਪਦਿਆਂ ਅੱਗੇ ਤੇ ਪਿੱਛੇ ਵੱਲ, ਦੋਨੋਂ ਹੀ ਦਿਸ਼ਾਵਾਂ ਵਿੱਚ, ਜਿੱਥੋਂ ਤਕ ਵੀ ਜਾਣਾ ਪਵੇ, ਜਾਣਾ ਚਾਹੀਦਾ ਹੈ। ਅਜਿਹਾ ਕਰਦਿਆਂ ਸਦੀਆਂ ਦੀ ਪਰਵਾਹ ਨਹੀ ਕਰਨੀ ਚਾਹੀਦੀ।” ਅਜਮੇਰ ਸਿੰਘ ਨੇ ਬਿਲਕੁਲ ਇਹ ਹੀ ਕੁਝ ਕੀਤਾ ਹੈ। ਇਤਿਹਾਸ ਵਿੱਚ ਦੂਰ ਤੱਕ ਸਫਰ ਕਰਕੇ ਦਰਬਾਰ ਸਾਹਿਬ ਦੀ ਨਿਵੇਕਲੀ ਥਾਂ ਅਤੇ ਸ਼ਹਾਦਤ ਦੇ ਵਿਰਸੇ ਨੂੰ ਡੁੰਘਾਈ ਤੇ ਦਰਦ ਨਾਲ ਸਮੋਇਆ ਹੈ।
ਕਿਤਾਬ ਦੇ ਪਹਿਲੇ ਕਾਂਡ ਵਿੱਚ ਅਜਮੇਰ ਸਿੰਘ ਨੇ ਬਹੁਤ ਵਿਸਥਾਰ ਨਾਲ ਦੱਸਿਆ ਹੈ ਕਿ ਦਰਬਾਰ ਸਾਹਿਬ ਦਾ ਸਿੱਖਾਂ ਨਾਲ ਕੀ ਰਿਸ਼ਤਾ ਹੈ। ਹਰ ਸਿੱਖ-ਜੋ ਧਰਮ ਨੂੰ ਮੰਨਦਾ ਹੈ, ਨਹੀਂ ਮੰਨਦਾ ਹੈ ਜਾਂ ਹਾਲੇ ਫੈਸਲਾ ਨਹੀਂ ਕਰ ਸਕਿਆ ਕਿ ਮੰਨਣਾ ਹੈ ਜਾਂ ਨਹੀਂ ਮੰਨਣਾ ਹੈ- ਹਰ ਇੱਕ ਲਈ ਦਰਬਾਰ ਸਾਹਿਬ ਦੀ ਇੱਕ ਅਜੀਬ ਕਸ਼ਿਸ਼ ਹੈ। ਮਧਕਾਲੀ ਇਤਿਹਾਸ ਦੀਆਂ ਮਿਸਾਲਾਂ ਦੇ ਕੇ ਲੇਖਕ ਸਾਨੂੰ ਯਾਦ ਕਰਾਉਂਦਾ ਹੈ ਕਿ ਘੱਲੂਘਾਰਿਆਂ ਦੀ ਸਦੀ ਸਾਡੇ ਇਤਿਹਾਸ ਦਾ ਸੁਨਿਹਰੀ ਦੌਰ ਰਿਹਾ ਹੈ। ਉਹ ਸਾਨੂੰ ਚੇਤੇ ਕਰਾਉਂਦਾ ਹੈ ਕਿ ਕਿਵੇਂ ਮੌਤ ਸਾਹਮਣੇ ਨਜ਼ਰ ਆਉਂਦੀ ਹੋਏ ਵੀ ਸਿੱਖ ਦੀਵਾਲੀ ਤੇ ਵਿਸਾਖੀ ਦੇ ਤਿੳੇੁਹਾਰਾਂ ‘ਤੇ ਦਰਬਾਰ ਸਾਹਿਬ ਸਰੋਵਰ ਵਿੱਚ ਚੁੱਭੀ ਮਾਰ ਕੇ ਆਪਣੀ ਧਾਰਮਕ ਪਰਪੱਕਤਾ ਨੂੰ ਬਹਾਲ ਰੱਖਦੇ ਅਤੇ ਲੋੜ ਪੈਣ ‘ਤੇ ਕੌਮੀ ਆਨ-ਸ਼ਾਨ ਨੂੰ ਬਚਾਉਣ ਲਈ ਸ਼ਹਾਦਤ ਲਈ ਤਿਆਰ ਰਹਿੰਦੇ ਸਨ।
ਆਪਣੇ ਨਿਵੇਕਲੇ ਦੂਰ ਅੰਦੇਸ਼ੀ, ਤਰਕਭਰਪੂਰ ਅਤੇ ਸਿੱਧੇ ਸੰਵਾਦ ਨਾਲ ਲਿਖੀ ਕਿਤਾਬ ਵਿੱਚ ਅਜਮੇਰ ਸਿੰਘ ਨੇ ਪੰਜਾਬ ਸਮੱਸਿਆ ਨੂੰ ਜਾਨਣ-ਪਹਿਚਾਨਣ-ਵਿਚਾਰਨ ਵਾਲਿਆਂ ਲਈ ਸਿਆਸੀ ਵਿਚਾਰ-ਵਟਾਂਦਰੇ ਦਾ ਇੱਕ ਅਨਮੋਲ ਖਜਾਨਾ ਪੇਸ਼ ਕੀਤਾ ਹੈ, ਜਿਸ ਨਾਲ ਆਮ ਪਾਠਕ ਅਤੇ ਸਿਆਸੀ ਕਾਰਕੁੰਨ ਹਰ ਮੁੱਦੇ ਨੂੰ ਡੁੰਘਾਈ ਨਾਲ ਵਿਚਾਰਨ ਲਈ ਮਜਬੂਰ ਹੋ ਜਾਵੇਗਾ। ਮਸਲਾ ਚਾਹੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੇ ਕਿਰਦਾਰ ਦਾ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਆਗੂ ਅਟਲ ਬਿਹਾਰੀ ਵਾਜਪਈ ਦੇ ਰੋਲ ਬਾਰੇ ਹੋਵੇ, ਲਿਖਾਰੀ ਨੇ ਬੇਝਿਜਕ ਹੋ ਕੇ ਸਪੱਸ਼ਟ ਸ਼ਬਦਾਵਲੀ ਵਿੱਚ ਆਪਣੇ ਵਿਚਾਰ ਪ੍ਰਗਟਾਏ ਹਨ।
ਕੁਝ ਅੰਗਰੇਜ਼ੀ ਇਤਿਹਾਸਕਾਰਾਂ ਨੂੰ ਛੱਡ ਕੇ ਕਿਸੇ ਨੇ ਵੀ ਇਸ ਸੱਚਾਈ ਨੂੰ ਨਹੀਂ ਦਰਸਾਇਆ ਕਿ ਕੇਵਲ ਸਿੱਖ ਹੀ ਹਨ ਜਿਨ੍ਹਾਂ ਨੇ ਜਦ ਵੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਦਰਬਾਰ ਸਾਹਿਬ ਦੇ ਧਾਰਮਕ-ਸਿਆਸੀ ਰੁਤਬੇ ਦਾ ਜਿਕਰ ਕਰਦੇ ਹੋਏ ਅਜਮੇਰ ਸਿੰਘ ਨੇ ਕਿਹਾ ਹੈ ਕਿ ਹਿੰਦੂ ਦਿਮਾਗ ਦਾ ਇਸ ਨੂੰ ਨਾ ਸਮਝਣਾ ਹੀ ਪੰਜਾਬ ਸਮੱਸਿਆ ਦਾ ਮੂਲ ਕਾਰਨ ਹੈ। ਉਹ ਕਹਿੰਦੇ ਹਨ ਕਿ “ਸਿੱਖ ਮਾਨਸਿਕਤਾ ਵਿੱਚ ਦਰਬਾਰ ਸਾਹਿਬ ਦੀ ਥਾਂ ਨੂੰ ਸਮਝਣ ਲਈ ਸਿੱਖ ਵਜੋਂ ਜੰਮਣਾ ਪਵੇਗਾ।” ਇਸ ਸਮਝ ਦੀ ਘਾਟ ਕਾਰਨ ਹੀ ਇੰਦਰਾ ਗਾਂਧੀ ਨੂੰ ਭਾਰਤੀ ਫੌਜ ਦੇ ਭਾਰੀ ਲਸ਼ਕਰ ਨਾਲ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦੀ ਗਲਤੀ ਕੀਤੀ।
ਇੱਕ ਹੋਰ ਸਵਾਲ ਜੋ ਹਿੰਦੂ ਦਿਮਾਗ ਤੇ ਪੱਛਮੀ ਵਿਦਵਾਨਾਂ ਦੇ ਵੀ ਸੌਖੇ ਪੱਲੇ ਨਹੀਂ ਪੈਂਦਾ ਉਹ ਹੈ ਸਿੱਖਾਂ ਦੀ ਸ਼ਹੀਦ ਹੋਣ ਦੀ ਮਰਿਆਦਾ ਤੇ ਬਿਰਤੀ। ਸਿੱਖ ਇਤਿਹਾਸ ਵਿੱਚ ਲਗਾਤਾਰ ਅਤੇ ਵਾਰ ਵਾਰ ਵਾਪਰ ਰਹੀ ਇਸ ਹੋਣੀ ਨੂੰ ਸਰਲਤਾ ਨਾਲ ਬਿਆਨ ਕਰਦੇ ਹੋਏ ਅਜਮੇਰ ਸਿੰਘ ਦਾ ਕਹਿਣਾ ਹੈ ਕਿ “ਇਹ ਕੋਈ ਜਰੂਰੀ ਨਹੀਂ ਕਿ ਸਿੱਖ ਹਰ ਵੇਲੇ ਹਰ ਹਾਲਾਤ ਵਿੱਚ ਅਤੇ ਕਿਸੇ ਦੇ ਵੀ ਕਹਿਣ ‘ਤੇ ਮਰਨ ਲਈ ਤਿਆਰ ਰਹਿੰਦਾ ਹੈ, ਅਜਿਹਾ ਨਹੀਂ ਹੈ।” ਪਰ ਜੇ ਕੋਈ ਮਸਲਾ, ਕੋਈ ਹਾਦਸਾ, ਕੋਈ ਸਮੱਸਿਆ ਗੁਰੂ ਸਾਹਿਬਾਨ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਗੁਰਬਾਣੀ ਨਾਲ ਜਾਂ ਗੁਰੂ ਇਤਿਹਾਸ ਨਾਲ ਜੁੜਦੀ ਹੈ ਤਾਂ ਫਿਰ ਸਿੱਖ ਪਰਤ ਕੇ ਨਹੀਂ ਦੇਖਦਾ। ਸਿੱਖ ਦੇ ਗੁਰੂ ਨਾਲ ਇਸ ਅਨੋਖੇ ਰਿਸ਼ਤੇ ਸਦਕਾ ਹੀ ਸਿੱਖ ਆਪੂੰ ਅਤੇ ਪਰਿਵਾਰ ਨੂੰ ਕੌਮ ਅਤੇ ਸਿੱਖੀ ਤੋਂ ਨਿਸ਼ਾਵਰ ਕਰਨ ਲਈ ਤਤਪਰ ਰਹਿੰਦਾ ਹੈ। ਇਹੀ ਕਾਰਨ ਹੈ ਕਿ ਜਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੱਖੀ ਨਾਤੇ, ਸਿੱਖ ਅਜ਼ਮਤ ਬਚਾਉਣ ਲਈ ਲਲਕਾਰਿਆ ਸੀ ਤਾਂ ਸੈਕੜੇ ਹੀ ਉਨ੍ਹਾਂ ਨਾਲ ਦਰਬਾਰ ਸਾਹਿਬ ਸਮੂਹ ਵਿੱਚ ਸ਼ਹੀਦ ਹੋਣ ਲਈ ਤਿਆਰ ਹੋ ਗਏ ਸੀ। ਇੱਥੇ ਹੀ ਬਸ ਨਹੀਂ, ਜੂਨ 1984 ਤੋਂ ਬਾਅਦ 2 ਦਹਾਕਿਆਂ ਦੌਰਾਨ, ਭਾਰਤੀ ਫੌਜ ਅਤੇ ਨਿਜ਼ਾਮ ਦੀ ਤਾਕਤ ਦਾ ਅੰਦਾਜਾ ਹੁੰਦਿਆਂ ਹੋਇਆਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ। ਜੇ ਕਿਸੇ ਨੇ ਆਪਰੇਸ਼ਨ ਬਲੂਸਟਾਰ ਬਾਰੇ ਕੋਈ ਹੋਰ ਦੁਨਿਆਵੀ ਵਿਆਖਿਆ ਜਿਵੇਂ ਕਿ ਬੇਰੁਜ਼ਗਾਰੀ, ਸਿਆਸੀ ਉਥਲ-ਪੁਥਲ ਜਾਂ ਦੁਨਿਆਵੀ ਲਾਲਚ ਦੇ ਹਿਸਾਬ ਨਾਲ ਦੇਣ ਦਾ ਉਪਰਾਲਾ ਕੀਤਾ ਤਾਂ ਉਹ ਅਕਾਦਮਕ ਤੰਗਦਿਲੀ ਅਤੇ ਬੌਧਕ ਖੋਖਲਾਪਣ ਹੀ ਹੋਵੇਗਾ, ਜਿਵੇਂ ਸ਼ਹਿਰੀ ਹੱਕਾਂ ਦੇ ਕਾਰਕੁੰਨ ਹਰਜੀ ਮਲਿਕ ਨੇ ਕਿਹਾ ਸੀ ਕਿ “ਹਿੰਦੂ ਨੇ ਪੰਜਾਬ ਮਸਲੇ ਦੇ ਮੂਲ ਕਾਰਨਾਂ ਨੂੰ ਨਹੀਂ ਸਮਝਿਆ ਹੈ।”
ਕੀ ਆਪਰੇਸ਼ਨ ਬਲੂਸਟਾਰ ਇੰਦਰਾ ਗਾਂਧੀ ਵੱਲੋਂ ਸਿੱਖਾਂ ਖਿਲਾਫ ਬਦਲਾ ਲਊ ਕਾਰਵਾਈ ਸੀ ਕਿਉਂਕਿ ਸਿੱਖਾਂ ਨੇ 1975 ਵਿੱਚ ਐਮਰਜੰਸੀ ਦਾ ਵਿਰੋਧ ਕੀਤਾ ਸੀ। ਛੋਟੇ ਦਾਇਰੇ ਵਿੱਚ ਰਹਿ ਕੇ ਜੇ ਦੇਖਿਆ ਜਾਏ ਤਾਂ ਇਹ ਇੱਕ ਜਾਤੀ ਬਦਲਾ ਲਊ ਭਾਵਨਾ ਨਾਲ ਪ੍ਰੇਰਿਤ ਹਮਲਾ ਸੀ ਪਰ ਜੇ ਹਿੰਦ ਨਿਜ਼ਾਮ ਦੇ ਸਮੁੱਚੇ ਵਰਤਾਰੇ ਨੂੰ ਦੇਖ ਕੇ ਜੇ ਇਸ ਨੂੰ ਸਮਝਿਆ ਜਾਏ ਤਾਂ ਦਰਬਾਰ ਸਾਹਿਬ ‘ਤੇ ਹਮਲੇ ਨੂੰ ਭਾਰਤੀ ਸਿਆਸੀ ਲੀਡਰਸ਼ਿਪ ਵੱਲੋਂ ਭਾਰਤ ਨੂੰ ਇੱਕ ਜ਼ਬਾਨ, ਇੱਕ ਧਰਮ ਵਾਲਾ ਦੇਸ਼ ਬਣਾਉਣ ਦੀ ਨੀਤੀ ਦਾ ਹਿੱਸਾ ਸੀ।
1947 ਤੋਂ ਬਾਅਦ, ਇੱਕ ਸੋਚੀ ਸਮਝੀ ਨੀਤੀ ਮੁਤਾਬਕ ਭਾਰਤ ਨੂੰ ਇੱਕ-ਕੌਮੀ ਮੁਲਕ ਬਣਾਉਣ ਦੇ ਯਤਨ ਲਗਾਤਾਰ ਚਲ ਰਹੇ ਹਨ। ਜਿਸ ਨੀਤੀ ਮੁਤਾਬਕ ਜ਼ਾਹਰਾ ਰੂਪ ‘ਚ ਮੁਲਕ ਵਿੱਚ ਬਹੁਤ ਵੱਖਰਾਪਣ ਹੈ ਪਰ ਲੁਕਵੇਂ ਰੂਪ ਵਿੱਚ ਬਿਰਤੀ ਅਤੇ ਪਹੁੰਚ ਸਾਰਿਆਂ ਨੂੰ ਇੱਕ ਧਰਮ ਦੇ ਸਮੁੰਦਰ ਵਿੱਚ ਸਮਾਉਣ ਦੀ ਹੈ। ਉਸ ਵੇਲੇ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀਆਂ ਕਾਰਵਾਈਆਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਖਾਲਸਾ ਮੁੜ ਸੁਰਜੀਤੀ ਦੀ ਮੁਹਿੰਮ ਨੂੰ ਉਪਰੋਕਤ ਮਨਸ਼ਾ ਦੇ ਉਲਟ ਸਮਝ ਕੇ ਹੀ 1984 ਦੇ ਕਾਰੇ ਨੂੰ ਅੰਜਾਮ ਦਿੱਤਾ ਗਿਆ।
“ਇਤਿਹਾਸ ਨਾਲ ਲੱਦੇ” ਦੌਰ ਦੀ ਗੱਲ ਕਰਦਿਆਂ, ਅਜਮੇਰ ਸਿੰਘ ਆਪਣੀ ਤੀਸਰੀ ਪੁਸਤਕ ਵਿੱਚ ਕਹਿੰਦੇ ਹਨ ਕਿ ਇਸ ਕਾਰੇ ਨੂੰ ਕਰਨ ਹਿੱਤ ਭਾਰਤੀ ਸਮਾਜ ਦੇ ਸਭ ਹਿੱਸਿਆਂ ਨੇ ਭਰਪੂਰ ਯੋਗਦਾਨ ਪਾਇਆ-ਮੀਡੀਆ ਨੇ, ਸਿਆਸੀ ਪਾਰਟੀਆਂ ਨੇ, ਸ਼ਹਿਰਾਂ ਦਿਆਂ ਵਾਸੀਆਂ ਨੇ, ਪਿੰਡਾਂ ਦੇ ਰਹਿਣ ਵਾਲਿਆਂ ਨੇ, ਅਦਾਲਤੀ ਪ੍ਰਣਾਲੀ ਨੇ, ਫੌਜ ਨੇ, ਅਫਸਰਸ਼ਾਹੀ ਨੇ ਹਰ ਇੱਕ ਨੇ ਭਾਰਤੀ ਨਿਜ਼ਾਮ ਦੇ ਨਾਲ ਪੂਰੀ ਤਾਕਤ ਨਾਲ ਜੁੜ ਕੇ ਸਰਕਾਰੀ ਜ਼ਬਰ ਦੇ ਦੌਰ ਨੂੰ ਯਕੀਨੀ ਬਣਾਇਆ। ਇਨ੍ਹਾਂ ਸਾਰੇ ਹਿੱਸਿਆਂ ਦੀ ਇਮਦਾਦ ਲੈਣ ਲਈ ਸਮੇਂ-ਸਮੇਂ “ਵਿਦੇਸ਼ੀ ਹੱਥ” ਦਾ ਵੀ ਸਹਾਰਾ ਲਿੱਆ ਗਿਆ। ਇਸ ਸਾਰੇ ਵਰਤਾਰੇ ਨੂੰ ਠੋਸ ਸਬੂਤਾਂ ਅਤੇ ਮਿਸਾਲਾਂ ਨਾਲ ਕਿਤਾਬ ਵਿੱਚ ਦਰਸਾਇਆ ਗਿਆ ਹੈ।
ਅਦਾਲਤਾਂ ਨੇ ਜੁਰਮ ਵਿੱਚ ਭਾਈਵਾਲੀ ਕਿਵੇਂ ਨਿਭਾਈ? ਇਸ ਦੇ ਬਹੁਤ ਸਬੂਤ ਹਨ ਪਰ ਆਓ ਇੱਕ ਵੱਲ ਨਜ਼ਰ ਮਾਰੀਏ। ਹਾਲ ਹੀ ਵਿੱਚ ਛੱਤੀਸਗੜ੍ਹ ਸਰਕਾਰ ਨੇ ਲੋਕ ਹਿੱਤਾਂ ਲਈ ਕੰਮ ਕਰ ਰਹੇ ਅਤੇ ਜੂਝ ਰਹੇ ਕਾਰਕੁੰਨਾ ਨੂੰ ਦਬਾਉਣ ਲਈ ਸਲਵਾ ਜੁਡੂਮ ਨਾਮ ਦਾ ਇੱਕ ਗੈਰ-ਕਾਨੂੰਨੀ ਦਸਤਾ ਤਿਆਰ ਕੀਤਾ, ਜਿਸ ਨੂੰ ਕਿ ਅਦਾਲਤ ਨੇ ਵੀ ਗੈਰ-ਕਾਨੂੰਨੀ ਕਰਾਰ ਦੇ ਦਿੱਤਾ। ਪਰ ਇਸ ਤਰ੍ਹਾਂ ਦਾ ਨਿਆਂ ਪੰਜਾਬ ਦੇ ਹਿੱਸੇ ਨਾ ਆਇਆ। ਉਸ ਵੇਲੇ ਦੇ ਪੰਜਾਬ ਦੇ ਪੁਲਿਸ ਕੇ. ਪੀ. ਐਸ. ਗਿੱਲ ਨੇ ਸ਼ਰ੍ਹੇਆਮ ਐਲਾਨ ਕੀਤਾ ਸੀ ਕਿ ਉਸ ਨੇ ਸੰਘਰਸ਼ੀਲ ਨੌਜਵਾਨਾਂ ਖਿਲਾਫ ਕਈ ਗੈਰ-ਕਾਨੂੰਨੀ ਹਥਿਆਰਬੰਦ ਦਸਤੇ ਤਿਆਰ ਕੀਤੇ ਹਨ ਪਰ ਉਸ ਵੇਲੇ ਅਦਾਲਤਾਂ ਮੂਕ ਦਰਸ਼ਕ ਬਣ ਕੇ ਦੇਖਦੀਆਂ ਰਹੀਆਂ ਬਲਕਿ ਕੇ. ਪੀ. ਐਸ. ਗਿੱਲ ਨੂੰ ਇਕ ਬਾਵਕਾਰ ਗੈਰ ਔਰਤ ਨਾਲ ਛੇੜ-ਛਾੜ ਦੇ ਮਾਮਲੇ ਵਿੱਚ ਸਜ਼ਾ ਤਾਂ ਸੁਣਾਈ ਪਰ ਉਸ ਦੇ ਅਮਲ ‘ਤੇ ਰੋਕ ਲਾ ਦਿੱਤੀ।
ਕਿਤਾਬ ਦੇ ਮਧ ਵਿੱਚ ਜਾ ਕੇ ਲਿਖਾਰੀ ਅਕਾਲੀ ਲੀਡਰਸ਼ਿਪ ਦੀ ਕਾਰਜਸ਼ੀਲਤਾ ਅਤੇ ਸਿੱਖ ਵਿਦਵਾਨਾਂ ਦੀ ਇਮਾਨਦਾਰੀ ‘ਤੇ ਪ੍ਰਸ਼ਨਚਿੰਨ੍ਹ ਖੜ੍ਹਾ ਕਰਦਾ ਹੈ। ਅਕਾਲੀ ਲੀਡਰਸ਼ਿਪ ਦੇ ਬਚਕਾਨਾ ਵਤੀਰੇ ਦਾ ਥਾਂ-ਥਾਂ ਜ਼ਿਕਰ ਹੈ ਪਰ ਅਜਮੇਰ ਸਿੰਘ ਨੂੰ ਸਿੱਖ ਵਿਦਵਾਨਾਂ ਦੀ ਚੁੱਪੀ ਅਤੇ ਕੌਮੀ ਪੀੜਾ ਨੂੰ ਸਮਝਣ ਅਤੇ ਵੰਡਾਉਣ ਦੀ ਘਾਟ ਬਹੁਤ ਖੜਕਦੀ ਹੈ। ਲੇਖਕ ਦਾ ਕਹਿਣਾ ਹੈ ਕਿ ਕੌਮੀ ਤੌਰ ‘ਤੇ ਜੋ ਸਾਨੂੰ ਉਸ ਦੌਰ ਵਿੱਚ ਉਣਤਾਈਆਂ ਨਜ਼ਰ ਆਈਆਂ ਹਨ ਉਸ ਦਾ ਕਾਰਨ ਸਮਾਜ ਦੇ ਇਸ ਹਿੱਸੇ ਦੀ ਲਗਾਤਾਰ ਨਲਾਇਕੀ ਹੀ ਹੋ ਸਕਦੀ ਹੈ।
ਅਜਮੇਰ ਸਿੰਘ ਨੇ ਪੰਜਾਬ ਦੇ ਸਿੱਖ ਵਿਦਵਾਨਾਂ ਦੇ ਕਿਰਦਾਰ ਅਤੇ ਵਤੀਰੇ ਨੂੰ ਨੇੜੇ ਹੋ ਕੇ ਵੇਖਿਆ ਹੈ। ਇਸ ਲਈ ਉਹ ਨਾ-ਬਖਸ਼ਣਯੋਗ ਸ਼ਬਦਾਵਲੀ ਵਿੱਚ ਉਨ੍ਹਾਂ ਵੱਲੋਂ ਭਾਰਤੀ ਕੌਮੀਅਤ ਦੇ ਸੋਹਲੇ ਗਾਉਣ ਅਤੇ ਸਿੱਖ ਕੌਮੀ ਜਜ਼ਬਾਤਾਂ ਅਤੇ ਸਿੱਖਾਂ ਦੀ ਅੱਡਰੀ ਪਹਿਚਾਣ ਦੀ ਬੇਕਦਰੀ ਲਈ ਉਨ੍ਹਾਂ ਨੂੰ ਬਖਸ਼ਦਾ ਨਹੀਂ ਹੈ ਅਤੇ ਨਾਲ ਹੀ ਕਹਿੰਦਾ ਹੈ ਕਿ ਅਜਿਹੇ ਹਾਲਾਤਾਂ ਵਿੱਚ ਸਿੱਖ ਕੌਮ ਦਾ ਭਾਰਤੀ ਨਿਜ਼ਾਮ ਨੂੰ ਜਵਾਬ ਕਈ ਵਾਰੀ ਅੱਬੜਵਾਹੇ, ਜਜ਼ਬਾਤੀ, ਟਕਰਾਅ-ਭਰਪੂਰ ਅਤੇ ਬਿਨਾਂ ਸੇਧ ਤੋਂ ਰਿਹਾ ਹੈ।
ਸਿੱਖਾਂ ‘ਤੇ ਕਹਿਰ ਨਵੰਬਰ 1984 ਤੇ ਉਸਤੋਂ ਬਾਅਦ ਵੀ ਚਲਦਾ ਰਿਹਾ। ਅਜਮੇਰ ਸਿੰਘ ਆਪਣੀ ਪੁਸਤਕ ਵਿੱਚ ਕਹਿੰਦੇ ਹਨ ਕਿ ਨਵੰਬਰ 1984 ਦਾ ਕਹਿਰ ਜੂਨ 1984 ਦੇ ਕਹਿਰ ਦਾ ਅੰਤ ਨਹੀਂ ਸੀ ਬਲਕਿ ਉਸ ਵਹਿਸ਼ੀਆਨਾ ਕਹਿਰ ਦੀ ਲਗਾਤਾਰਤਾ ਦਾ ਹਿੱਸਾ ਸੀ ਜੋ ਅੱਜ ਵੀ ਸੂਖਮ ਰੂਪ ਵਿੱਚ ਜਾਰੀ ਹੈ। ਲੇਖਕ ਆਪਣੀ ਪੁਸਤਕ ਵਿੱਚ ਕਹਿੰਦੇ ਹਨ ਕਿ “ਅਜਿਹੇ ਕਹਿਰ ਦਾ ਵਿਸ਼ਲੇਸ਼ਣ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ। ਯਹੂਦੀਆਂ ਨਾਲ ਹੋਏ ਘਲੂਘਾਰੇ ਵੇਲੇ ਇਹ ਕੀਤਾ ਗਿਆ ਸੀ..... ਇਹ ਹਾਦਸਾ ਅਚਾਨਕ ਹੋਇਆ ਹਾਦਸਾ ਨਹੀਂ ਸੀ, ਇਹ ਹਾਦਸਾ ਕਦੀ ਕਦਾਈ ਗਲਤੀ ਨਾਲ ਹੋਣ ਵਾਲਾ ਹਾਦਸਾ ਨਹੀਂ ਸੀ..... ਹਿੰਦੂ ਦਿਮਾਗ ਦੀ ਇਹ ਹਮੇਸ਼ਾਂ ਕੋਸ਼ਿਸ਼ ਰਹੀ ਹੈ ਉਹ ਸਿੱਖਾਂ ਦੀ ਅੱਡਰੀ ਪਹਿਚਾਣ ਨੂੰ ਛੁਟਿਆਉਣਾ, ਦਬਾਉਣਾ ਤੇ ਗੰਦਲਾ ਕਰਨਾ ਚਾਹੁੰਦਾ ਹੈ.... ਤੇ ਜਦ ਵੀ ਸਿੱਖ ਆਪਣੀ ਪਹਿਚਾਣ ਨੂੰ ਬੁਲੰਦ ਕਰਦੇ ਹਨ ਤੇ ਫਿਰ ਉਹ ਪਰਤ ਵਾਰ ਕਰਦਾ ਹੈ।” ਸਿੱਖਾਂ ਦੇ ਮਾਮਲੇ ਵਿੱਚ ਉਸ ਦਾ ਨਿਸ਼ਾਨਾ ਸਪੱਸ਼ਟ ਹੈ ਤੇ ਉਸ ਨੇ ਸਿੱਖ ਪਹਿਚਾਣ ਨੂੰ ਹਿੰਦੁ ਮਹਾਂਸਾਗਰ ਵਿੱਚ ਜਜ਼ਬ ਕਰਨਾ ਹੈ। ਜਦ ਗੁਰੂ ਨਾਨਕ ਪਾਤਿਸ਼ਾਹ ਨੌ ਸਾਲਾ ਦੇ ਸਨ ਤੇ ਜਨਿਊ ਨਾ ਪਹਿਨਣ ਦਾ ਐਲ਼ਾਨ ਕੀਤਾ ਉਸ ਵੇਲੇ ਤੋਂ ਹੀ ਟਕਰਾਅ ਸ਼ੁਰੂ ਹੋ ਗਿਆ ਸੀ..... ਇਸ ਲਈ ਹਿੰਦੂ ਦਿਮਾਗ ਅਤੇ ਉਸ ਵੱਲੋਂ ਅਪਨਾਏ ਜਾਂਦੇ ਪੈਂਤੜਿਆਂ ਨੂੰ ਸਮਝਣਾ ਜਰੂਰੀ ਹੈ ਕਿਉਂਕਿ ਸਮਝ ਕੇ ਹੀ ਹਿੰਦੂ ਦੀ ਫੁਸਲਾਉਣ ਦੀ, ਦਬਾਉਣ ਦੀ ਅਤੇ ਜਬਰ ਦੀ ਨੀਤੀ ਦਾ ਟਾਕਰਾ ਕੀਤਾ ਜਾ ਸਕਦਾ ਹੈ। ਲੇਖਕ ਪੁਰਜੋਰ ਸ਼ਬਦਾਂ ਵਿੱਚ ਕਹਿੰਦਾ ਹੈ ਕਿ ਨਵੰਬਰ 1984 ਨੂੰ ਇਸ ਸੰਦਰਭ ਵਿੱਚ ਹੀ ਦੇਖਣਾ ਚਾਹੀਦਾ ਹੈ। ਉਹ ਕੋਈ ਅਚਾਨਕ ਵਾਪਰਿਆ ਹਾਦਸਾ ਨਹੀਂ ਸੀ ਬਲਕਿ ਪੂਰੀ ਸੋਚੀ-ਸਮਝੀ ਵਿਉਂਤ ਨਾਲ ਹਿੰਦੂ ਸਮਾਜ ਦੇ ਹਰ ਵਰਗ ਦੀ ਇਮਦਾਦ ਅਤੇ ਮਿਲਵਰਤਣ ਨਾਲ ਕੀਤਾ ਗਿਆ ਅਣਮਨੁੱਖੀ ਕਹਿਰ ਸੀ।
ਕਿਤਾਬ ਇੱਥੇ ਖਤਮ ਨਹੀਂ ਹੁੰਦੀ ਬਲਕਿ ਦਸੰਬਰ 1984 ਦੀਆਂ ਭਾਰਤ ਭਰ ਵਿੱਚ ਹੋਈਆਂ ਆਮ ਚੋਣਾਂ ਦਾ ਵੀ ਜ਼ਿਕਰ ਕਰਦੀ ਹੈ। ਜਿਨ੍ਹਾਂ ਚੋਣਾਂ ਦੇ ਪ੍ਰਚਾਰ ਵਿੱਚ ਸਿੱਖਾਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ- ਉਨ੍ਹਾਂ ਹਲਕਿਆਂ ਵਿੱਚ ਵੀ ਜਿਨ੍ਹਾਂ ਵਿੱਚ ਸਿੱਖਾਂ ਦੀ ਕੋਈ ਗਿਣਤੀ ਨਹੀਂ ਸੀ ਜਾਂ ਨਾ ਦੇ ਬਰਾਬਰ ਸੀ ਅਤੇ ਭਾਰਤ ਭਰ ਵਿੱਚੋਂ ਆਏ ਨਤੀਜਿਆਂ ਨੇ ਇਹ ਸਾਫ ਕਰ ਦਿੱਤਾ ਕਿ ਸਮੁੱਚੇ ਭਾਰਤ ਨੇ ਸਿੱਖਾਂ ਦੇ ਦਿੱਲੀ ਅਤੇ 80 ਹੋਰ ਸ਼ਹਿਰਾਂ ਵਿੱਚ ਹੋਏ ਕਤਲੇਆਮ ‘ਤੇ ਰਜ਼ਾਮੰਦੀ ਜਤਾਈ ਹੈ।
ਅੰਤ ਵਿੱਚ ਮਾਰਚ 1985 ਦੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਾ ਉਹ ਲੁਭਾਵਣਾ ਅਤੇ ਜੋਸ਼ੀਲੇ ਵਾਤਾਵਰਣ ਦਾ ਦ੍ਰਿਸ਼ ਖਿੱਚਿਆ ਗਿਆ ਹੈ ਜਿਸ ਵਿੱਚ ਪੰਜਾਬ ਭਰ ਤੋਂ ਆਏ ਅਣਗਿਣਤ ਸਿੱਖਾਂ ਨੇ ਭਾਰਤੀ ਨਿਜ਼ਾਮ ਦੇ ਖਿਲਾਫ ਬਗਾਵਤ ਦਾ ਬੇਖੌਫ ਐਲਾਨ ਕੀਤਾ ਸੀ। ਕੇਸਰੀ ਪੱਗਾਂ ਅਤੇ ਦੁਪੱਟਿਆਂ ਦਾ ਠਾਠਾਂ ਮਾਰਦਾ ਸਮੁੰਦਰ ਖਾਲਸੇ ਵੱਲੋਂ ਨਸਲਕੁਸ਼ੀ ਦੇ ਟਾਕਰੇ ਦਾ ਮੁਕੰਮਲ ਅਤੇ ਖਾਲਸਈ ਸ਼ਾਨ ਨਾਲ ਭਰਪੂਰ ਐਲ਼ਾਨ ਸੀ।
ਲੇਖਕ ਦਾ ਕਹਿਣਾ ਹੈ ਕਿ ਹਾਲਾਂਕਿ ਕੌਮ ਨੇ ਉਸ ਵੇਲੇ ਰਾਗੀਆਂ ਅਤੇ ਢਾਡੀਆਂ ਵੱਲੋਂ ਕੀਤੇ ਯੋਗਦਾਨ ਦਾ ਮੁੱਲ ਨਹੀਂ ਪਾਇਆ ਹੈ ਪਰ ਲੇਖਕ ਨੇ ਉਨ੍ਹਾਂ ਦੀ ਦਲੇਰੀ, ਜਿਸ ਨੇ ਕੌਮ ਦੇ ਡਿੱਗੇ ਹੌਂਸਲਿਆਂ ਨੂੰ ਉਚਾ ਚੁੱਕਿਆ, ਦੀ ਭਰਪੂਰ ਸ਼ਲਾਘਾ ਕੀਤੀ ਹੈ।
ਸਿੱਖ ਕੌਮ ਨਾਲ ਵਾਪਰੇ ਅਣਚਿਤਵੇ ਕਹਿਰ ਨੂੰ ਸਮੇਟਦੇ ਹੋਏ ਅਜਮੇਰ ਸਿੰਘ ਕਹਿੰਦੇ ਹਨ, “ਜੋ ਵਾਪਰਿਆ ਉਹ ਨਾ ਮੰਨਣਯੋਗ ਸੀ, ਚਿਤ ਚੇਤੇ ਵੀ ਨਹੀਂ ਸੀ ਪਰ ਨਾ ਭੁੱਲਣਯੋਗ ਹੈ ਤੇ ਨਾ ਬਖਸ਼ਣਯੋਗ ਹੈ।”
No comments:
Post a Comment