- ਲੇਖਕ: ਅਜਮੇਰ ਸਿੰਘ
ਸਾਰੀ ਚਰਚਾ, ਜੋ ਹੁਣ ਤਕ ਅਸਾਂ ਕੀਤੀ ਹੈ, ਤੋਂ ਬਾਅਦ ਜਦ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰਾਜਸੀ ਦ੍ਰਿਸ਼ ਉੱਤੇ ਪ੍ਰਗਟ ਹੋਣ ਅਤੇ ਫਿਰ ਥੋੜ੍ਹੇ ਹੀ ਸਮੇਂ ਦੇ ਅੰਦਰ ਸਿੱਖ ਜਨ-ਸਮੂਹ ਦੇ ਦਿਲੋ-ਦਿਮਾਗ਼ਾਂ ਉੱਤੇ ਪੂਰੀ ਤਰ੍ਹਾਂ ਨਾਲ ਛਾਅ ਜਾਣ ਦੇ ਵਰਤਾਰੇ ਦਾ ਗਹਿਰ-ਗੰਭੀਰ ਮੁਲਾਂਕਣ ਕਰਦੇ ਹਾਂ, ਤਾਂ ਅਸੀਂ ਇਸ ਦੀ ਵਚਿੱਤਰਤਾ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ। ਇਸ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਜੋ ਇਸ ਨੂੰ ਅਲੌਕਿਕ ਬਣਾਉਂਦੀਆਂ ਹਨ। ਕਈ ਵੇਰਾਂ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਸਮਾਜ ਜਾਂ ਵਰਗ ਦੇ ਅੰਦਰ ਵਿਚਾਰਾਂ ਦਾ ਕੋਈ ਵਹਿਣ ਪਹਿਲਾਂ ਲੁਪਤ ਰੂਪ ਵਿਚ, ਸਤਹ ਦੇ ਹੇਠਾਂ, ਅੰਦਰੋ-ਅੰਦਰ ਰਮਦਾ ਤੁਰਿਆ ਆ ਰਿਹਾ ਹੁੰਦਾ ਹੈ, ਅਤੇ ਫਿਰ ਇਤਿਹਾਸ ਦੇ ਕਿਸੇ ਖ਼ਾਸ ਮੋੜ ’ਤੇ ਜਾ ਕੇ ਇਹ ਸਾਰੇ ਕੜ ਤੋੜ ਕੇ ਖੁੱਲ੍ਹੇ ਰੂਪ ਵਿਚ ਪ੍ਰਗਟ ਹੋ ਜਾਂਦਾ ਹੈ ਅਤੇ ਸ਼ਕਤੀਸ਼ਾਲੀ ਧਾਰਾ ਬਣ ਕੇ ਵਗਣਾ ਆਰੰਭ ਕਰ ਦਿੰਦਾ ਹੈ। ਭਾਵੇਂ ਕਿ ਇਹ ਅਮਲ ਕਦੇ ਵੀ ਨਿਰਾ ਪੁਰਾ ਆਪ-ਮੁਹਾਰਾ ਨਹੀਂ ਵਾਪਰਦਾ। ਇਸ ਸਿਲਸਿਲੇ ਵਿਚ ਆਗੂ-ਵਿਅਕਤੀ ਦਾ ਰੋਲ ਮਹੱਤਵਪੂਰਨ ਹੁੰਦਾ ਹੈ, ਜੋ ਆਪਣੇ ਵਿਸ਼ੇਸ਼ ਲੀਡਰੀ ਗੁਣਾਂ ਦੀ ਬਦੌਲਤ ਲੋਕਾਂ ਦੇ ਦੱਬੇ ਹੋਏ ਜਜ਼ਬਿਆਂ ਤੇ ਅਰਮਾਨਾਂ ਨੂੰ ਨਾ ਸਿਰਫ਼ ਜ਼ੁਬਾਨ ਦਿੰਦਾ ਹੈ, ਬਲਕਿ ਪ੍ਰੇਰਣਾਮਈ ਜੋਸ਼ ਦਾ ਤਾਅ ਦੇ ਕੇ ਉਨ੍ਹਾਂ ਨੂੰ ਪ੍ਰਚੰਡ ਵੀ ਕਰਦਾ ਹੈ। ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਮਾਮਲਾ ਇਸ ਤੋਂ ਵੀ ਭਿੰਨ ਹੈ। ਉਸ ਨੇ ਜੋ ਕੁੱਝ ਕੀਤਾ, ਜਾਂ ਕਰ ਦਿਖਾਇਆ, ਉਹ ਸਿੱਖ ਪੰਥ ਦੇ ਅੰਦਰ ਪਹਿਲਾਂ ਤੋਂ ਰਮਦੀ ਆ ਰਹੀ ਕਿਸੇ ਲੁਪਤ ਜਾਂ ਮੱਧਮ ਧਾਰਾ ਨੂੰ ਸ਼ਕਤੀਸ਼ਾਲੀ ਵਹਿਣ ਦਾ ਰੂਪ ਦੇ ਦੇਣ ਵਾਲੀ ਗੱਲ ਨਹੀਂ ਸੀ। ਨਾ ਮਹਿਜ਼ ਸਿੱਖਾਂ ਦੇ ਦੱਬੇ ਹੋਏ ਅਰਮਾਨਾਂ ਨੂੰ ਜ਼ੁਬਾਨ ਦੇਣ ਵਰਗੀ ਹੀ ਗੱਲ ਸੀ, ਸਗੋਂ ਜਿਵੇਂ ਕਿ ਹੱਥਲੀ ਲਿਖਤ ਦੇ ਧਿਆਨ-ਪੂਰਬਕ ਪਾਠ ਤੋਂ ਪ੍ਰਤੱਖ ਹੋ ਜਾਂਦਾ ਹੈ, ਇਹ 130 ਸਾਲਾਂ ਤੋਂ ਵਗਦੀ ਆ ਰਹੀ ਨਿਸ਼ੇਧ ਧਾਰਾ ਦਾ ਉਲਟੇ-ਰੁਖ਼ ਮੂੰਹ ਭੁੰਆਂ ਦੇਣ ਅਤੇ ਲੰਮੇ ਚਿਰਾਂ ਤੋਂ ਸੁੱਤੀ ਪਈ ਕੌਮ ਨੂੰ ਹਲੂਣ ਕੇ ਡੂੰਘੀ ਨੀਂਦ ਤੋਂ ਜਗਾ ਦੇਣ ਵਾਲੀ ਅਸਚਰਜ ਕਰਾਮਾਤ ਸੀ। ਆਓ ਦੇਖੀਏ ਕਿਵੇਂ ? 1849 ਵਿਚ ਆਪਣਾ ਸੁਤੰਤਰ ਰਾਜ ਹੱਥੋਂ ਖੁਹਾ ਬੈਠਣ ਤੋਂ ਬਾਅਦ ਸਿੱਖਾਂ ਨੇ, ਹੌਲੀ ਹੌਲੀ, ਆਪਣੀ ਆਜ਼ਾਦ ਪਾਤਸ਼ਾਹਤ ਦਾ ਸੁਪਨਾ ਲੈਣਾ ਬੰਦ ਕਰ ਦਿੱਤਾ ਸੀ।
1857 ਵਿਚ ਸਿੱਖਾਂ ਦੇ ਇਕ ਛੋਟੇ ਜਿਹੇ ਵਰਗ ਨੇ ਇਸ ਸੁਪਨੇ ਨੂੰ ਮੁੜ ਜੀਵਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ। ਇਸੇ ਤਰ੍ਹਾਂ, 1871 ਵਿਚ ਬਾਬਾ ਰਾਮ ਸਿੰਘ ਜੀ ਦੀ ਅਗਵਾਈ ਹੇਠ ਕੂਕਿਆਂ ਨੇ ਵੀ ਖ਼ਾਲਸਾ ਰਾਜ ਦੀ ਬਹਾਲੀ ਦਾ ਇਕ ਸਾਹਸੀ ਯਤਨ ਕੀਤਾ, ਜਿਸ ਨੂੰ ਅੰਗਰੇਜ਼ ਹਾਕਮਾਂ ਨੇ ਵਹਿਸ਼ੀਆਨਾ ਢੰਗਾਂ ਨਾਲ ਕੁਚਲ ਦਿੱਤਾ। ਪਰ ਇਹ ਦੋਨੋਂ ਹੀ ਯਤਨ, ਵੀਰਤਾ ਭਰੇ ਹੋਣ ਦੇ ਬਾਵਜੂਦ, ਆਮ ਸਿੱਖ ਜਨਤਾ ਦੇ ਜਜ਼ਬਿਆਂ ਨੂੰ ਟੁੰਬਣ ਵਿਚ ਬਹੁਤੇ ਕਾਮਯਾਬ ਨਹੀਂ ਸਨ ਹੋ ਸਕੇ। ਉਸ ਤੋਂ ਬਾਅਦ 100 ਸਾਲਾਂ ਤੋਂ ਵੀ ਵੱਧ ਅਰਸੇ ਤਕ ਸਿੱਖ ਕੌਮ ਅੰਦਰ, ਸਮੂਹਕ ਤੇ ਜਥੇਬੰਦਕ ਰੂਪ ਵਿਚ, ਆਪਣੀ ਆਜ਼ਾਦ ਪਾਤਸ਼ਾਹਤ ਦਾ ਨਾ ਕਦੇ ਵਿਚਾਰ ਪੈਦਾ ਹੋਇਆ ਅਤੇ ਨਾ ਇਸ ਦਿਸ਼ਾ ਵਿਚ ਕੋਈ ਅਮਲੀ ਯਤਨ ਹੀ ਸਾਹਮਣੇ ਆਇਆ। ਇਸ ਸਾਰੇ ਅਰਸੇ ਦੌਰਾਨ ਸਿੱਖਾਂ ਵੱਲੋਂ, ਜਾਂ ਸਿੱਖ ਜਗਤ ਦੇ ਅੰਦਰ, ਜੋ ਵੀ ਰਾਜਨੀਤਕ ਸਰਗਰਮੀਆਂ ਹੋਈਆਂ ਅਤੇ ਜੋ ਰਾਜਨੀਤਕ ਵਹਿਣ ਵਗੇ, ਸਿੱਖ ਕੌਮ ਦੀ ਆਜ਼ਾਦੀ ਦਾ ਨਿਸ਼ਾਨਾ ਉਨ੍ਹਾਂ ਅੰਦਰੋਂ ਪ੍ਰਤੱਖ ਰੂਪ ਵਿਚ ਗਾਇਬ ਰਿਹਾ। ਵੀਹਵੀਂ ਸਦੀ ਅੰਦਰ ਸਿੱਖਾਂ ਦੇ ਕੁੱਝ ਵਰਗ, ਅੱਡ-ਅੱਡ ਮੌਕਿਆਂ ’ਤੇ, ਬਰਤਾਨਵੀ ਬਸਤੀਵਾਦੀ ਗ਼ਲਬੇ ਦੇ ਖ਼ਿਲਾਫ਼ ਆਪਣਾ ਗੁੱਸਾ ਤੇ ਰੋਹ ਜ਼ਰੂਰ ਪ੍ਰਗਟਾਉਂਦੇ ਰਹੇ ਅਤੇ ਭਾਰਤ ਅੰਦਰ ਚੱਲੇ ਹੋਰਨਾਂ ਰਾਜਸੀ ਅੰਦੋਲਨਾਂ ਦਾ ਅੰਗ ਬਣ ਕੇ ਕੁਰਬਾਨੀ ਤੇ ਜੁਝਾਰੂਪੁਣੇ ਦੀ ਸਪਿਰਟ ਦਾ ਗੌਰਵਸ਼ਾਲੀ ਪ੍ਰਦਰਸ਼ਨ ਕਰਦੇ ਰਹੇ। ਪੰਜਾਬ ਦੇ ਕੁੱਝ ਪੱਛਮੀ ਜ਼ਿਲ੍ਹਿਆਂ ਅੰਦਰ ‘ਪਗੜੀ ਸੰਭਾਲ ਜੱਟਾ’ ਦੀ ਲਹਿਰ (1905) ਦੇ ਰੂਪ ਵਿਚ ਪ੍ਰਗਟ ਹੋਇਆ ਜਾਨਦਾਰ ਕਿਸਾਨ ਉਭਾਰ ; ‘ਗਦਰ ਪਾਰਟੀ’ (1914-15) ਦੇ ਵੱਲੋਂ ਅੰਗਰੇਜ਼ ਹਕੂਮਤ ਦੇ ਵਿਰੁੱਧ ‘ਗ਼ਦਰ’ ਮਚਾਉਣ ਦੀ ਕੀਤੀ ਗਈ ਇਕ ਅਸਫਲ, ਪਰ ਜਾਂਬਾਜ਼ ਕੋਸ਼ਿਸ਼ ; ਸਿੱਖ ਜੁਝਾਰੂ ਵਿਰਸੇ ਤੋਂ ਪ੍ਰੇਰਿਤ ਹੋ ਕੇ ਦੁਆਬਾ ਖੇਤਰ ਅੰਦਰ ਕੁੱਝ ਸਿਰਲੱਥ ਯੋਧਿਆਂ ਦੁਆਰਾ ਮਾਰੀ ਗਈ (1925-26) ‘ਬੱਬਰ ਭਬਕ’ ; ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਵੱਲੋਂ (1926-31) ਕੀਤੇ ਗਏ ਸੂਰਮਗਤੀ ਵਾਲੇ ਕਾਰਨਾਮੇ, ਆਦਿ ਸਭ ਇਸ ਦੇ ਕੁੱਝ ਉਘੜਵੇਂ ਦ੍ਰਿਸ਼ਟਾਂਤ ਕਹੇ ਜਾ ਸਕਦੇ ਹਨ। ਪਰ ਇਹ ਸਾਰੀਆਂ ਹੀ ਰਾਜਸੀ ਲਹਿਰਾਂ ਤੇ ਸਰਗਰਮੀਆਂ ਭਾਰਤੀ ਰਾਸ਼ਟਰਵਾਦ ਦੇ ਘੇਰੇ ਅੰਦਰ ਹੀ ਸਨ ਅਤੇ ਇਸਦੀ ਹੀ ਸੇਵਾ ਪੂਰਤੀ ਕਰਦੀਆਂ ਸਨ। ਸਿੱਖ ਕੌਮ ਦੀ ਆਜ਼ਾਦੀ ਦਾ ਨਿਸ਼ਾਨਾ ਨਾ ਸਿਰਫ਼ ਇਨ੍ਹਾਂ ਦੀ ਕਿਸੇ ਰਾਜਨੀਤਕ ਯੋਜਨਾ ਤੇ ਕਾਰਜ-ਕ੍ਰਮ ਦਾ ਅੰਗ ਹੀ ਸੀ, ਸਗੋਂ ਇਹ ਇਨ੍ਹਾਂ ਲਈ ਕੁਰਹਿਤ ਦੇ ਭਾਵ ਵੀ ਰੱਖਦਾ ਸੀ। ਇਨ੍ਹਾਂ ਦੀ ਸਮੁੱਚੀ ਸਿਧਾਂਤਕ ਦਿਸ਼ਾ ਅਤੇ ਧੁੱਸ ਸਿੱਖ ਕੌਮ ਦੀ ਵਿਲੱਖਣ ਹਸਤੀ ਨੂੰ ਕਮਜ਼ੋਰ ਕਰਨ, ਅਤੇ ਅੰਤਮ ਨਿਰਣੇ ਦੇ ਤੌਰ ’ਤੇ, ਇਸ ਨੂੰ ਮਲੀਆਮੇਟ ਕਰਨ ਦੀਆਂ ਸਿਖਰ-ਸੰਭਾਵਨਾਵਾਂ ਪ੍ਰਗਟਾਉਂਦੀ ਸੀ। ਇਸੇ ਹੀ ਤਰ੍ਹਾਂ, ਇਸ ਸਮੁੱਚੇ ਅਰਸੇ ਦੌਰਾਨ ਸਿੱਖ ਭਾਈਚਾਰੇ ਨੂੰ ਧਾਰਮਿਕ ਪੱਖ ਤੋਂ ਸੁਦ੍ਰਿੜ ਬਣਾਉਣ ਦੇ ਉਪਰਾਲੇ ਨਾਲੋ-ਨਾਲ ਚੱਲਦੇ ਰਹੇ। ਉੱਨ੍ਹਵੀਂ ਸਦੀ ਦੀ ਆਖਰੀ ਚਥਾਈ ਅੰਦਰ ਸਿੰਘ ਸਭਾ ਲਹਿਰ ਨੇ ਸਿੱਖ ਧਰਮ ਅਤੇ ਭਾਈਚਾਰੇ ਦੀਆਂ, ਹਿੰਦੂ ਧਰਮ ਅਤੇ ਸਮਾਜ ਨਾਲੋਂ ਵਖਰੇਵੇਂ ਦੀਆਂ ਹੱਦਬੰਦੀਆਂ ਨੂੰ ਨਿਖਰਵੇਂ ਰੂਪ ਵਿਚ ਉਘਾੜਨ ਅਤੇ ਸਥਾਪਤ ਕਰਨ ਹਿੱਤ ਬੇਹੱਦ ਸ਼ਲਾਘਾਯੋਗ ਯਤਨ ਕੀਤੇ, ਜਿਨ੍ਹਾਂ ਸਦਕਾ ਸਿੱਖ ਪੰਥ ਦੇ ਕਾਫ਼ੀ ਸਾਰੇ ਹਿੱਸਿਆਂ ਅੰਦਰ ਆਪਣੀ ਵੱਖਰੀ ਪਛਾਣ ਬਾਰੇ ਚੇਤਨਾ, ਜੋ ਬੇਹੱਦ ਖੁੰਢੀ ਹੋ ਕੇ ਰਹਿ ਗਈ ਸੀ, ਮੁੜ ਸਾਣ ਉੱਤੇ ਲੱਗ ਗਈ। ਪਰ ਇਹ ਚੇਤਨਾ ਸਿਰਫ਼ ਧਾਰਮਿਕ ਪੱਖ ਤੱਕ ਹੀ ਸੀਮਤ ਰਹੀ। ਸਿੰਘ ਸਭਾ ਲਹਿਰ ਦੇ ਆਗੂਆਂ ਦੀ ਰਾਜਸੀ ਵਿਚਾਰਧਾਰਾ ਦੀਆਂ ਸੀਮਤਾਈਆਂ ਨੇ, ਇਸ ਦੀ ਧਾਰਮਿਕ ਤੋਂ ਰਾਜਸੀ ਪੱਖ ਵਿਚ ਕਾਇਆਪਲਟੀ ਦੇ ਅਮਲ ਨੂੰ ਡੱਕਾ ਲਾਈ ਰੱਖਿਆ। ਸਿੱਟੇ ਵੱਜੋਂ, ਸਿੱਖ ਪੰਥ ਦੇ ਕੁੱਝ ਵਰਗਾਂ ਅੰਦਰ ਆਪਣੀ ਨਿਆਰੀ ਧਾਰਮਿਕ ਹਸਤੀ ਦਾ ਅਹਿਸਾਸ ਤਾਂ ਭਲੇ ਹੀ ਕਾਫ਼ੀ ਹੱਦ ਤਕ ਪਰਫੁੱਲਤ ਹੋ ਗਿਆ, ਪਰ ਪੰਥ ਦੇ ਕਿਸੇ ਵੀ ਵਰਗ ਅੰਦਰ ਕੌਮੀ ਆਜ਼ਾਦੀ ਦਾ ਰਾਜਸੀ ਜਜ਼ਬਾ ਪਰਫੁੱਲਤ ਨਾ ਹੋ ਸਕਿਆ। ਇਸ ਵਿਸੰਗਤੀ ਨੇ, ਬਾਅਦ ਵਿਚ ਜਾ ਕੇ, ਸਿੱਖ ਕੌਮ ਦੀ ਭਾਰੀ ਰਾਜਨੀਤਕ ਹਾਨੀ, ਤੇ ਨਾਲ ਹੀ ਹੇਠੀ ਵੀ, ਕੀਤੀ। ਇਸ ਤੋਂ ਬਾਅਦ ਵੀਹਵੀਂ ਸਦੀ ਦੇ ਆਰੰਭਕ ਦਹਾਕਿਆਂ ਦੌਰਾਨ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਨੇ ਆਪਣੀ ਦੈਵੀ ਸ਼ਖ਼ਸੀਅਤ ਤੇ ਰੂਹਾਨੀ ਪ੍ਰੇਰਣਾ ਦੇ ਪ੍ਰਭਾਵ ਨਾਲ ਸਿੱਖ ਭਾਈਚਾਰੇ ਦੇ ਤਕੜੇ ਹਿੱਸਿਆਂ ਦੇ ਮਨਾਂ ਅੰਦਰ ਸਿੱਖੀ ਪਿਆਰ ਦੀ ਤਰੰਗ ਪੈਦਾ ਕੀਤੀ ਅਤੇ ਉਨ੍ਹਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਨਿਰੋਲ ਧਾਰਮਿਕ ਪੱਖ ਤੋਂ ਦੇਖਿਆ ਜਾਵੇ ਤਾਂ ਇਸ ਧਾਰਮਿਕ ਸਰਗਰਮੀ ਦੇ ਬੇਹੱਦ ਉਤਸ਼ਾਹਪੂਰਨ ਨਤੀਜੇ ਸਾਹਮਣੇ ਆਏ। ਸੰਤ ਅਤਰ ਸਿੰਘ ਜੀ ਦੀ ਪ੍ਰੇਰਣਾ ਸਦਕਾ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਨੇ ਭਾਰੀ ਸ਼ਰਧਾ ਤੇ ਚਾਅ ਉਤਸ਼ਾਹ ਦੇ ਨਾਲ ਸਿੱਖ ਰਹਿਤ ਮਰਿਆਦਾ ਨੂੰ ਅਪਣਾਇਆ ਅਤੇ ਉਨ੍ਹਾਂ ਦੇ ਮਨਾਂ ਅੰਦਰ, ਆਪਣੇ ਨਿੱਜੀ ਆਚਾਰ ਨੂੰ ਸਿੱਖ ਨੈਤਿਕ ਕਦਰਾਂ-ਕੀਮਤਾਂ ਦੀ ਤਰਜ਼ ਉੱਤੇ ਢਾਲਣ ਦਾ ਪਰਬਲ ਜੋਸ਼ ਪੈਦਾ ਹੋਇਆ। ਗੁਰੂ ਕਾਲ ਤੋਂ ਬਾਅਦ, ਸਿੱਖ ਇਤਿਹਾਸ ਅੰਦਰ ਕਿਸੇ ਇਕ ’ਕੱਲੇ ਮਹਾਂਪੁਰਖ ਵੱਲੋਂ ਸਿੱਖ ਹਿਰਦਿਆਂ ਅੰਦਰ ਧਰਮ ਪ੍ਰਤੀ ਪਿਆਰ ਤੇ ਉਤਸ਼ਾਹ ਜਾਗਰਤ ਕਰ ਦੇਣ ਦੀ ਇਹ ਅਨੋਖੀ ਉਦਾਹਰਣ ਹੈ। ਪਰ ਇਸ ਸਮੁੱਚੇ ਧਾਰਮਿਕ ਉੱਦਮ ਦਾ ਮਨਫ਼ੀ ਪੱਖ ਇਹ ਸੀ ਕਿ ਇਹ ਸਮਕਾਲੀ ਰਾਜਸੀ ਵਾਤਾਵਰਣ ਦੇ ਨਾਂਹ-ਪੱਖੀ ਵਿਚਾਰਧਾਰਕ ਅਸਰਾਂ ਤੋਂ ਸੁਤੰਤਰ ਨਹੀਂ ਸੀ। ਇਹ ਸਾਰੀ ਧਾਰਮਿਕ ਸਰਗਰਮੀ ਭਾਰਤੀ ਰਾਸ਼ਟਰਵਾਦ ਦੀਆਂ ਝਰੀਆਂ ਵਿਚ ਘੁੰਮਦੀ ਸੀ ਅਤੇ ਬਹੁਤ ਹੀ ਸਿੱਧੇ ਤੇ ਪ੍ਰਤੱਖ ਰੂਪ ਵਿਚ ਹਿੰਦੂ ਵਰਗ ਦੀਆਂ ਤਤਕਾਲੀ ਰਾਜਸੀ ਲੋੜਾਂ ਤੇ ਲਾਲਸਾਵਾਂ ਦਾ ਪੱਖ ਪੂਰਦੀ ਸੀ। ਇਸ ਵਜ੍ਹਾ ਕਰਕੇ ਸਮਕਾਲੀ ਹਿੰਦੂ ਆਗੂਆਂ ਵੱਲੋਂ ਸੰਤ ਅਤਰ ਸਿੰਘ ਜੀ ਵੱਲ ਪ੍ਰਸੰਸਾ ਦਾ ਝੂਠਾ ਵਤੀਰਾ ਧਾਰਨ ਕਰਨਾ ਕੋਈ ਹੈਰਾਨੀ ਵੱਲ ਗੱਲ ਨਹੀਂ ਸੀ। ਪੰਡਤ ਮਦਨ ਮੋਹਨ ਮਾਲਵੀਆਂ ਵੱਲੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਲਈ ਸੰਤ ਜੀ ਦਾ ਆਸ਼ੀਰਵਾਦ ਲੈਣ ਪਿੱਛੇ ਉਸਦੀ ਧਾਰਮਿਕ ਫ਼ਰਾਖ਼ਦਿਲੀ ਨਾਲੋਂ ਵੱਧ, ਸਿੱਖ ਭਾਈਚਾਰੇ ਨੂੰ ਹਿੰਦੂਵਾਦ ਦੀ ਬੁੱਕਲ ਵਿੱਚ ਲੈਣ ਦੀ ਲੰਮੀ ਨਦਰਿ ਕੰਮ ਕਰਦੀ ਸੀ। ਇਸ ਦੇ ਜੋ ਸਿੱਟੇ ਨਿਕਲੇ, ਉਹ ਸਭ ਦੇ ਸਾਹਮਣੇ ਹਨ। ਇਥੇ ਸਾਡੇ ਵੱਲੋਂ ਇਹ ਪੜਚੋਲਵਾਂ ਵਿਸ਼ਲੇਸ਼ਣ ਕਰਨ ਦਾ ਭਾਵ, ਕਿਸੇ ਵੀ ਪੱਖੋਂ, ਸੰਤ ਅਤਰ ਸਿੰਘ ਜੀ ਦੇ ਗੌਰਵ ਨੂੰ ਨੀਵਾਂ ਦਿਖਾਉਣਾ ਨਹੀਂ। ਧਾਰਮਿਕ ਖੇਤਰ ਅੰਦਰ ਸੰਤ ਅਤਰ ਸਿੰਘ ਜੀ ਨੇ ਪੰਥ ਦੀ ਜੋ ਵਡਮੁੱਲੀ ਸੇਵਾ ਕੀਤੀ ਹੈ, ਉਸ ਨੂੰ ਨਾ ਭੁਲਾਇਆ ਜਾ ਸਕਦਾ ਹੈ ਅਤੇ ਨਾ ਹੀ ਘਟਾਇਆ ਜਾ ਸਕਦਾ ਹੈ। ਇਥੇ ਸਾਡਾ ਮੰਤਵ ਇਸ ਦੇ ਰਾਜਸੀ ਪ੍ਰਭਾਵਾਂ ਦਾ ਜਾਇਜ਼ਾ ਲੈਣਾ ਹੈ। ਅਸੀਂ ਉਸ ਵੇਲੇ ਦੇ ਭਾਰੂ ਰਾਜਨੀਤਕ ਤੇ ਵਿਚਾਰਧਾਰਕ ਰੌਂਅ ਦੀ ਗੱਲ ਕਰਦੇ ਹਾਂ, ਜਿਸ ਦੇ ਲਈ ਕਿਸੇ ਵਿਅਕਤੀ-ਵਿਸ਼ੇਸ਼ ਨੂੰ ਜ਼ਿੰਮੇਵਾਰ ਠਹਿਰਾਉਣਾ ਵਿਸ਼ਲੇਸ਼ਣ ਦੇ ਨੁਕਤਾ-ਨਜ਼ਰ ਤੋਂ ਵੀ ਉੱਚਿਤ ਨਹੀਂ ਬਣਦਾ। ਇਸ ਮਾਮਲੇ ’ਚ ਅਸੀ ਸਵਰਗਵਾਸੀ ਪ੍ਰੋ: ਪੂਰਨ ਸਿੰਘ ਦੀ ਇਸ ਸਿਖਿਆ ਨੂੰ ਆਧਾਰ ਮਿੱਥ ਕੇ ਚੱਲਦੇ ਹਾਂ ਕਿ, ਹਰ ਕਾਲ ਆਪਣੇ ਸਮੇਂ ਘਟੀਆਂ ਘਟਨਾਵਾਂ ਤੋਂ ਪਿੱਛੋਂ ਹੀ ਸਿਆਣਾ ਬਣਦਾ ਹੈ। ਉਨ੍ਹਾਂ ਦੇ ਵਾਪਰਨ ਤੋਂ ਪਹਿਲਾਂ ਉਹ ਅਜਿਹਾ ਸਿਆਣਾ ਘੱਟ ਹੀ ਹੁੰਦਾ ਹੈ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਸਿੱਖ ਕੌਮ ਦੇ ਰਾਜਸੀ ਆਗੂਆਂ ਵੱਲੋਂ ਅਪਣਾਈ ਗਈ ਸਿਧਾਂਤਕ ਤੇ ਰਾਜਸੀ ਸੇਧ ਦਾ ਭਰਵਾਂ ਵਿਸ਼ਲੇਸ਼ਣ ਅਸੀਂ ਇਸ ਪੁਸਤਕ ਤ੍ਰੈਲੜੀ ਦੀ ਪਹਿਲੀ ਜਿਲਦ ਅੰਦਰ ਕਰ ਚੁੱਕੇ ਹਾਂ। ਇਸ ਕਰਕੇ ਇਥੇ ਉਸ ਨੂੰ ਮੁੜ ਦੁਹਰਾਉਣ ਦੀ ਲੋੜ ਨਹੀਂ ਜਾਪਦੀ ।
ਪਹਾੜ ਜਿੱਡਾ ਕੰਮ
ਸੋ ਇਸ ਤੋਂ ਸਾਨੂੰ ਉਸ ਸਥਿਤੀ ਦਾ ਪੂਰਨ ਆਭਾਸ ਹੋ ਜਾਂਦਾ ਹੈ ਜੋ ਸੰਤ ਜਰਨੈਲ ਸਿੰਘ ਦੇ ਰਾਜਸੀ ਮੰਚ ’ਤੇ ਪਰਵੇਸ਼ ਕਰਨ ਮੌਕੇ ਬਣੀ ਹੋਈ ਸੀ ਅਤੇ ਜਿਸ ਨੂੰ ਬਦਲਣ ਦਾ ਉਸ ਦੇ ਸਾਹਮਣੇ ਪਹਾੜ ਜਿੱਡਾ ਕਾਰਜ ਖੜਾ ਸੀ। ਉਸ ਨੂੰ ਦਰਪੇਸ਼ ਚੁਣੌਤੀਆਂ ਮਾਮੂਲੀ ਜਾਂ ਸਧਾਰਨ ਨਹੀਂ ਸਨ, ਇਹ ਬੇਹੱਦ ਵੱਡੀਆਂ ਤੇ ਅਸਾਧਾਰਨ ਸਨ। ਉਸ ਦੇ ਰਾਹ ਦੀਆਂ ਮੁਸ਼ਕਲਾਂ ਦਾ ਥਾਹ ਪਾਉਣ ਲਈ ਸਿੱਖ ਕੌਮ ਦੀ ਅੰਤਰਗਾਮੀ ਸਥਿਤੀ ਤੇ ਇਸ ਦੀਆਂ ਬਾਹਰਮੁਖੀ ਮੁਖ਼ਾਲਫ਼ ਸ਼ਕਤੀਆਂ, ਦੋਨਾਂ ਦਾ ਹਕੀਕੀ ਮੁਲਾਂਕਣ ਕਰਨਾ ਜ਼ਰੂਰੀ ਹੈ। ਪਹਿਲਾਂ ਬਾਹਰਮੁਖੀ ਪੱਖ ਨੂੰ ਲੈਂਦੇ ਹਾਂ।
ਕਿਸੇ ਵੀ ਸਥਾਪਤ ਤੇ ਚੰਗੀ ਤਰ੍ਹਾਂ ਨਾਲ ਜਥੇਬੰਦ ਹੋਈ ਰਾਜ ਸ਼ਕਤੀ ਨਾਲ ਮੱਥਾ ਲਾਉਣਾ ਕਦੇ ਵੀ ਸੁਖਾਲਾ ਕਾਰਜ ਨਹੀਂ ਹੁੰਦਾ। ਇਸ ਦੇ ਵਾਸਤੇ ਅਸਾਧਾਰਨ ਹੌਂਸਲਾ ਤੇ ਸੂਰਮਤਾਈ ਦਰਕਾਰ ਹੁੰਦੀ ਹੈ। ਆਪਣੇ ਵੇਲੇ ਦੀ ਹਰ ਇਨਕਲਾਬੀ ਲਹਿਰ ਦਾ ਇਹ ਸਭ ਨਾਲੋਂ ਮੁੱਢਲਾ ਤੇ ਜ਼ਰੂਰੀ ਲੱਛਣ ਹੁੰਦਾ ਹੈ। ਸਿੱਖਾਂ ਦੇ ਜਿਹੜੇ ਹਿੱਸਿਆਂ ਨੇ ਵੀਹਵੀਂ ਸਦੀ ਅੰਦਰ ਬਰਤਾਨਵੀ ਸਾਮਰਾਜ ਵਿਰੁੱਧ ਹਥਿਆਰਬੰਦ ਬਗ਼ਾਵਤ ਦੀਆਂ ਕੋਸ਼ਿਸ਼ਾਂ ਵਿਚ ਹਿੱਸਾ ਲਿਆ ਸੀ, ਉਹ ‘ਗ਼ਦਰੀ ਦੇਸ਼ਭਗਤ’ ਸਨ ਜਾਂ ‘ਬੱਬਰ ਅਕਾਲੀ’, ਅਤੇ ਜਾਂ ਫਿਰ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਨੌਜਵਾਨ ਧਾਰਾ, ਉਨ੍ਹਾਂ ਸਭਨਾਂ ਅੰਦਰ ਕੁਰਬਾਨੀ ਦਾ ਜਜ਼ਬਾ ਤੇ ਸੂਰਮਗਤੀ ਦੀ ਭਾਵਨਾ ਠਾਠਾਂ ਮਾਰਦੀ ਸੀ। ਇਸ ਤੋਂ ਬਗੈਰ ਉਨ੍ਹਾਂ ਅੰਦਰ ਬਸਤੀਵਾਦੀ ਹਕੂਮਤ ਨਾਲ ਮੱਥਾ ਲਾਉਣ ਦੀ ਹਿੰਮਤ ਪੈਦਾ ਨਹੀਂ ਸੀ ਹੋ ਸਕਦੀ। (ਇਹ ਸੱਚ, ਥੋੜ੍ਹੇ ਬਹੁਤ ਫ਼ਰਕ ਨਾਲ, ਸੱਠਵਿਆਂ ਵਿਚ ਉੱਠੀ ਨਕਸਲੀ ਇਨਕਲਾਬੀ ਲਹਿਰ ਉੱਤੇ ਵੀ ਲਾਗੂ ਹੁੰਦਾ ਹੈ) ਪਰ ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠ ਉੱਠੀ ਖਾੜਕੂ ਸਿੱਖ ਲਹਿਰ ਦਾ ਮਾਮਲਾ ਇਨ੍ਹਾਂ ਸਾਰੀਆਂ ਲਹਿਰਾਂ ਨਾਲੋਂ ਬਹੁਤ ਭਿੰਨ ਹੈ। ਗ਼ਦਰੀ ਦੇਸ਼ਭਗਤ ਜਾਂ ਸ਼ਹੀਦ ਭਗਤ ਸਿੰਘ ਦੀ ਧਾਰਾ ਦੇ ਇਨਕਲਾਬੀ ਨੌਜਵਾਨ ਜਿਸ ਕਾਜ਼ ਨੂੰ ਲੈ ਕੇ ਬਰਤਾਨਵੀ ਹਕੂਮਤ ਵਿਰੁੱਧ ਲੜਾਈ ਲੜ ਰਹੇ ਸਨ, ਉਹ ਸਾਰੇ ਦੇਸ ਦੇ ਲੋਕਾਂ ਦਾ ਸਾਂਝਾ ਕਾਜ਼ ਸੀ। ਭਾਰਤੀ ਰਾਸ਼ਟਰਵਾਦ ਦੇ ਜਜ਼ਬੇ ਦਾ ਦਾਇਰਾ ਬੇਹੱਦ ਵਿਸ਼ਾਲ ਸੀ। ਸੋ ਜੇਕਰ ਨਿਰੋਲ ਤਾਕਤਾਂ ਦੀ ਕਤਾਰਬੰਦੀ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਇਕ ਪਾਸੇ ਮੁੱਠੀ ਭਰ ਬਦੇਸ਼ੀ ਸਾਮਰਾਜੀਏ ਤੇ ਉਨ੍ਹਾਂ ਦੇ ਦੇਸੀ ਝੋਲੀ ਚੁੱਕ ਸਨ, ਜਿਨ੍ਹਾਂ ਦੀ ਸੰਯੁਕਤ ਸੰਖਿਆ ਹਜ਼ਾਰਾਂ ਵਿਚ ਹੀ ਸੀ, ਲੱਖਾਂ ਵਿਚ ਨਹੀਂ। ਦੂਜੇ ਪਾਸੇ ਇਨਕਲਾਬੀ ਘੁਲਾਟੀਆਂ ਨੂੰ ਦੇਸ਼ ਦੀ ਚਾਲ੍ਹੀ ਕਰੋੜ ਜਨਤਾ ਦੀ ਨੈਤਿਕ ਹਮਾਇਤ ਤੇ ਹੱਲਾਸ਼ੇਰੀ ਹਾਸਲ ਸੀ, ਜੰਗ ਅੰਦਰ ਜਿਸ ਦਾ ਰੱਬ ਵਰਗਾ ਆਸਰਾ ਹੁੰਦਾ ਹੈ। ਇਸ ਦੀ ਤੁਲਨਾ ਵਿਚ, ਸੰਤ ਜਰਨੈਲ ਸਿੰਘ ਨੇ ਜਿਸ ਰਾਜ-ਸ਼ਕਤੀ ਨੂੰ ਵੰਗਾਰਿਆ ਸੀ, ਉਹ ਖ਼ਸਤਾ ਹਾਲਤ ਵਿਚ ਬਸਤੀਆਨਾ ਹਕੂਮਤ ਨਹੀਂ ਸੀ। ਉਹ ਇਕ ਪੂਰੀ ਤਰ੍ਹਾਂ ਨਾਲ ਆਧੁਨਿਕ, ਸੰਗਠਿਤ ਤੇ ਪਰਮਾਣਿਤ ਸਟੇਟ ਸੀ ਜੋ, ਉਸ ਨੂੰ ਅੰਦਰੋਂ ਵੰਗਾਰ ਪਾਉਣ ਵਾਲੀ ਤਾਕਤ ਉੱਤੇ ਵਹਿਸ਼ੀ ਜ਼ੁਲਮ ਢਾਹੁਣ ਦੀ ਅਸੀਮ ਸਮਰੱਥਾ, ਰੁਚੀ ਤੇ ਦ੍ਰਿੜ੍ਹਤਾ ਰੱਖਦੀ ਹੈ। ਦੂਜਾ ਅਹਿਮ ਵਖਰੇਵਾਂ ਇਹ, ਕਿ ਸੰਤ ਜਰਨੈਲ ਸਿੰਘ ਜਿਸ ਕਾਜ਼ ਨੂੰ ਲੈ ਕੇ ਭਾਰਤੀ ਸਟੇਟ ਦੇ ਵਿਰੁੱਧ ਲੜਾਈ ਲੜ ਰਹੇ ਸਨ, ਸਮੁੱਚੇ ਦੇਸ ਦੇ ਅੰਦਰ ਨਾ ਸਿਰਫ ਉਸ ਕਾਜ਼ ਦੀ ਹਮਾਇਤ ਕਰਨ ਵਾਲਾ ਹੋਰ ਕੋਈ ਵੀ (ਵਰਗ) ਨਹੀਂ ਸੀ, ਸਗੋਂ ਉਲਟੀ ਗੱਲ ਇਹ ਸੀ ਕਿ ਦੇਸ ਦੀ ਅੱਸੀ ਕਰੋੜ ਹਿੰਦੂ ਜਨਤਾ ਉਸ ਕਾਜ਼ ਨੂੰ ਤਿੱਖੀ ਨਫ਼ਰਤ ਦੀ ਭਾਵਨਾ ਨਾਲ ਲੈਂਦੀ ਸੀ ਅਤੇ ਇਸ ਦੇ ਵਿਰੁੱਧ ਆਪਣੀਆਂ ਕੱਟੜ ਫ਼ਿਰਕੂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰਦੀ ਸੀ। ਸੋ ਇਸ ਤੁਲਨਾ ਵਿਚੋਂ ਤਿੰਨ ਅਹਿਮ ਵਖਰੇਵੇਂ ਪ੍ਰਤੱਖ ਹੋ ਜਾਂਦੇ ਹਨ। ਦੇਸ਼ਭਗਤ ਇਨਕਲਾਬੀ ਜਿਸ ਬਸਤੀਵਾਦੀ ਪ੍ਰਬੰਧ ਦੇ ਖਿਲਾਫ਼ ਲੜਾਈ ਲੜ ਰਹੇ ਸਨ ਉਹ ਪ੍ਰਬੰਧ, ਇਤਿਹਾਸਕ ਦ੍ਰਿਸ਼ਟੀ ਤੋਂ, ਮਰਨੇ ਪਿਆ ਹੋਇਆ ਸੀ। ਉਹ ਆਪਣੇ ਆਖ਼ਰੀ ਸਾਹ ਲੈ ਰਿਹਾ ਸੀ। ਬਸਤੀਆਨਾ ਹਕੂਮਤਾਂ, ਸੰਸਾਰ ਭਰ ਅੰਦਰ ਹੀ, ਆਪਣਾ ਕਾਰੋਬਾਰ ਸਮੇਟਣ ਦੇ ਅਮਲ ਵਿਚ ਸਨ। ਇਸ ਦੇ ਇਕਦਮ ਉਲਟ, ਸੰਤ ਜਰਨੈਲ ਸਿੰਘ ਨੇ ਜਿਸ ਪ੍ਰਬੰਧ ਅਤੇ ਰਾਜ ਸ਼ਕਤੀ ਨਾਲ ਆਢਾ ਲਾਇਆ ਸੀ, ਉਹ ਆਪਣੀ ਸਜਿੰਦ ਅਵਸਥਾ ਵਿਚ ਸੀ ਅਤੇ ਉਸ ਅੰਦਰ ਜਵਾਨੀ ਵਾਲਾ ਕਹਿਰ ਅਤੇ ਤਾਣ ਸੀ। ਇਕ ਵਾਧੂ ਤੱਥ ਇਹ ਕਿ ਉਸ (ਭਾਰਤੀ ਸਟੇਟ) ਨੂੰ, ਉਸ ਲੜਾਈ ਦੇ ਅੰਦਰ ਦੇਸ਼ ਦੇ ਲੋਕਾਂ ਦੀ ਵਿਆਪਕ ਹਮਾਇਤ ਹਾਸਲ ਸੀ। ਦੂਜੀ ਗੱਲ, ਦੇਸ਼ਭਗਤ ਇਨਕਲਾਬੀ ਇਕ ਤਾਂ ਜਿਸ ਵਿਚਾਰਧਾਰਾ ਦੇ ਖ਼ਿਲਾਫ਼ ਲੜ ਰਹੇ ਸਨ, ਅਤੇ ਦੂਜਾ, ਜਿਸ ਵਿਚਾਰਧਾਰਾ ਦਾ ਆਸਰਾ ਲੈ ਕੇ ਲੜ ਰਹੇ ਸਨ, ਦੋਨਾਂ ਹੀ ਪੱਖਾਂ ਤੋਂ ਸਮਾਂ (ਕਾਲ) ਉਨ੍ਹਾਂ ਦੇ ਪੂਰੀ ਤਰ੍ਹਾਂ ਨਾਲ ਸੀ। ਬਸਤੀਵਾਦੀ ਵਿਚਾਰਧਾਰਾ ਸੰਸਾਰ ਅੰਦਰ ਅਤਿ ਦੇ ਨਿਖੇੜੇ ਦੀ ਹਾਲਤ ਵਿਚ ਸੀ, ਅਤੇ ਰਾਸ਼ਟਰਵਾਦੀ ਵਿਚਾਰਧਾਰਾਂ ਨੂੰ ਪੂਰਾ ਜੋਬਨ ਚੜ੍ਹਿਆ ਹੋਇਆ ਸੀ। ਸੰਤ ਜਰਨੈਲ ਸਿੰਘ ਦੀ ਸਥਿਤੀ ਇਸ ਦੇ ਉਲਟ ਸੀ। ਜਿਸ ਬਸਤੀਵਾਦ ਦੇ ਖ਼ਿਲਾਫ਼ ਉਸ ਨੂੰ ਲਾੜਨਾ ਪੈ ਰਿਹਾ ਸੀ, ਉਹ ਪੁਰਾਣਾ ਰਵਾਇਤੀ ਨਮੂਨੇ ਦਾ ਬਸਤੀਵਾਦ ਨਹੀਂ ਸੀ, ਸਗੋਂ ਨਵੀਂ ਵੰਨਗੀ ਦਾ ‘ਅੰਦਰੂਨੀ ਬਸਤੀਵਾਦ (9ਨਟੲਰਨੳਲ 3ੋਲੋਨੳਿਲਸਿਮ) ਸੀ, ਜੋ ਪੁਰਾਣੇ ਰਵਾਇਤੀ ਬਸਤੀਵਾਦ ਨਾਲੋਂ, ਕਈ ਸਾਰੇ ਪੱਖਾਂ ਤੋਂ, ਕਿਤੇ ਜ਼ਿਆਦਾ ਖ਼ਤਰਨਾਕ ਹੈ। ਇਸ ਅੰਦਰ ਆਪਣੇ ਅਸਲੀ ਖ਼ਾਸੇ ਨੂੰ ਛੁਪਾਉਣ, ਅਤੇ ਇਸ ਤਰ੍ਹਾਂ, ਭੁਲੇਖਾ ਪਾਉਣ ਦੀ ਸਮਰੱਥਾ ਕਿਤੇ ਜ਼ਿਆਦਾ ਹੈ। ਰਵਾਇਤੀ ਵੰਨਗੀ ਦੇ ਬਸਤੀਵਾਦੀ ਰਾਜਾਂ ਅੰਦਰ ਸਥਾਨਕ ਵਸੋਂ ਦੇ ਵੱਡੇ ਹਿੱਸਿਆਂ ਨੂੰ ਆਪਣੇ ਪੱਖ ਵਿਚ ਲਾਮਬੰਦ ਕਰ ਸਕਣ ਦੀ ਸਮਰੱਥਾ ਤੇ ਗੁੰਜਾਇਸ਼ ਬਹੁਤੀ ਨਹੀਂ ਸੀ। ਦੇਸ਼ਭਗਤ ਇਨਕਲਾਬੀਆਂ ਨੂੰ ਜੇਕਰ ਦੇਸ ਦੇ ਲੋਕਾਂ ਦੀ ਬਹੁਤੀ ਸਰਗਰਮ ਹਮਾਇਤ ਨਹੀਂ ਵੀ ਮਿਲ ਸਕੀ ਸੀ, ਫਿਰ ਵੀ ਲੋਕਾਂ ਦੇ ਵੱਡੇ ਹਿੱਸਿਆਂ ਦੀਆਂ ਹਮਦਰਦੀਆਂ ਜ਼ਰੂਰ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਨੂੰ ਨਫ਼ਰਤ ਕਰਨ ਵਾਲੇ ਅਤੇ ਉਨ੍ਹਾਂ ਦੀ ਸਰਗਰਮ ਮੁਖ਼ਾਲਫ਼ਤ ਕਰਨ ਵਾਲੇ ‘ਦੇਸ਼-ਭਾਈ’ ਮੂਲੋਂ ਹੀ ਥੋੜ੍ਹੀ ਗਿਣਤੀ ਵਿਚ ਸਨ। ਇਸ ਦੀ ਤੁਲਨਾ ਵਿੱਚ, ਨਵੇਂ ਅੰਦਰੂਨੀ ਕਿਸਮ ਦੇ ਬਸਤੀਵਾਦੀ ਰਾਜਾਂ ਅੰਦਰ ਦੇਸ ਦੀ ਸਥਾਨਕ ਵੱਸੋਂ ਦੇ ਵੱਡੇ ਹਿੱਸਿਆਂ ਨੂੰ ਆਪਣੇ ਪੱਖ ਵਿਚ ਲਾਮਬੰਦ ਕਰਨ ਦੀ ਵਾਧੂ ਸਮਰੱਥਾ ਹੁੰਦੀ ਹੈ। ਖ਼ਾਸ ਕਰਕੇ ਜਿਹੜੇ ਰਾਜ ਬਹੁਗਿਣਤੀ ਵਰਗ ਦੀਆਂ ਧਾਰਮਿਕ ਜਾਂ ਰਾਸ਼ਟਰਵਾਦੀ ਭਾਵਨਾਵਾਂ, ਜੋ ਕਿ ਬਹੁਗਿਣਤੀ ਵਰਗ ਦੇ ਮਾਮਲੇ ’ਚ ਇੱਕੋ ਗੱਲ ਬਣ ਜਾਂਦੀ ਹੈ, ਦੀ ਓਟ ਲੈ ਕੇ ਚੱਲਦੇ ਹਨ, ਉਨ੍ਹਾਂ ਅੰਦਰ ਅਜਿਹੀ ਨਾਜ਼ੀਵਾਦੀ ਰੁਚੀ ਤੇ ਸਮਰੱਥਾ ਤਹਿਜ਼ੀਬ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਹੈ। ਮੌਜੂਦਾ ਭਾਰਤੀ ਰਾਜ ਇਸੇ ਸ਼੍ਰੇਣੀ ਵਿਚ ਆਉਂਦਾ ਹੈ। ਇਕ ਮੂਲੋਂ ਹੀ ਛੋਟੇ ਘੱਟ ਗਿਣਤੀ ਵਰਗ, ਜਿਸ ਦੀ ਦੇਸ਼ ਦੇ ਅੰਦਰ ਹੈਸੀਅਤ ‘ਆਟੇ ਵਿਚ ਲੂਣ’ ਦੀ ਨਿਆਈਂ ਹੈ, ਦੇ ਕਿਸੇ ਆਗੂ ਵੱਲੋਂ ਭਾਰਤੀ ਰਾਜ ਵਰਗੀ ਬਲਕਾਰੀ ਤੇ ਵਿਨਾਸ਼ਕਾਰੀ ਤਾਕਤ ਵਿਰੁੱਧ ਹਥਿਆਰਬੰਦ ਲੜਾਈ ਲੜਨਾ ਪਰਬਤ ਦੇ ਨਾਲ ਟੱਕਰ ਮਾਰਨ ਵਰਗੀ ਗੱਲ ਸੀ। ਪਰ ‘‘ਕਿਸੇ ਇਨਕਲਾਬੀ ਦੀ ਸ਼ਖ਼ਸੀਅਤ ਉਦੋਂ ਸੰਪੂਰਨ ਹੁੰਦੀ ਹੈ, ਜਦੋਂ ਉਹ ਆਪਣੇ ਮਿਸ਼ਨ ਦੀ ਪੂਰਤੀ ਲਈ ਪਰਬਤ ਨਾਲ ਮੱਥਾ ਮਾਰ ਸਕਣ ਦਾ ਭਰੋਸਾ ਰੱਖਦਾ ਹੋਵੇ।’’ ਇਸ ਪ੍ਰਤੱਖ ਨੂੰ ਕਿਸੇ ਪਰਮਾਣ ਦੀ ਲੋੜ ਨਹੀਂ ਕਿ ਸੰਤ ਜਰਨੈਲ ਸਿੰਘ ਅੰਦਰ ਅਜਿਹਾ ਭਰੋਸਾ ਵਾਧੂ ਸੀ ।
ਤੀਜਾ ਹੋਰ ਮਹੱਤਵਪੂਰਣ ਵਖਰੇਵਾਂ ਇਹ ਸੀ ਕਿ ਦੇਸ਼ਭਗਤ ਇਨਕਲਾਬੀ ਜੋ ਕਰਨਾ ਚਾਹੁੰਦੇ ਸਨ, ਜਾਂ ਜੋ ਕਰ ਰਹੇ ਸਨ, ਉਨ੍ਹਾਂ ਦੇ ਸਾਹਮਣੇ ਉਸ ਦੇ ਲਈ ਬਹੁਤ ਹੀ ਸਪੱਸ਼ਟ ਤੇ ਪਰਮਾਣਿਤ ਮਾਡਲ ਮੌਜੂਦ ਸਨ। ਉਹ ਭਾਰਤ ਨੂੰ ਇੱਕੋ ਇਕਲੌਤੀ ਕੌਮ ਮੰਨ ਕੇ, ਉਸ ਨੂੰ ਬਸਤੀਵਾਦੀ ਗ਼ਲਬੇ ਤੋਂ ਮੁਕਤ ਕਰਾਉਣ ਦੀ ਲੜਾਈ ਲੜ ਰਹੇ ਸਨ। ਉਨ੍ਹਾਂ ਦੇ ਸਾਹਮਣੇ ‘ਰਾਸ਼ਟਰ’ ਅਤੇ ‘ਆਜ਼ਾਦੀ’ ਦੇ ਪੱਛਮੀ ਸੰਕਲਪ ਸਜੇ-ਸੰਵਰੇ ਪਏ ਸਨ। ਉਨ੍ਹਾਂ ਨੇ ਤਾਂ ਬੱਸ ਇਨ੍ਹਾਂ ਨੂੰ ਭਾਰਤ ਅੰਦਰ ਅਮਲ ਦੇ ਵਿਚ ਲਿਆਉਣਾ ਸੀ। ਇਸ ਮਾਮਲੇ ਵਿਚ ਵੀ ਉਨ੍ਹਾਂ ਦੇ ਸਾਹਮਣੇ ਸੰਸਾਰ ਦੀਆਂ ਹੋਰਨਾਂ ਕੌਮਾਂ ਤੇ ਲਹਿਰਾਂ ਦੇ ਪੂਰਵ ਤਜਰਬੇ ਭਰਪੂਰ ਮਾਤਰਾ ਵਿਚ ਮੌਜੂਦ ਸਨ। ਸੋ ਉਹ, ਇਕ ਤਰ੍ਹਾਂ ਨਾਲ, ਪੱਕੇ ਹੋਏ ਲੀਹੇ ਉੱਤੇ ਹੀ ਚੱਲ ਰਹੇ ਸਨ। ਉਨ੍ਹਾਂ ਦੇ ਸਾਹਮਣੇ ਕੋਈ ਨਵਾਂ ਲਾਂਘਾ ਭੰਨਣ ਜਾਂ ਕੋਈ ਅਸਲੋਂ ਹੀ ਨਵਾਂ ਸਿਆੜ ਕੱਢਣ ਦੀ ਜਟਿਲ ਸਮੱਸਿਆ ਪੇਸ਼ ਨਹੀਂ ਸੀ। ਜਿਥੇ ਗ਼ਦਰੀ ਦੇਸ਼ਭਗਤ ‘ਅਮਰੀਕੀ ਲੇਬਰ ਐਸੋਸੀਏਸ਼ਨ’ ਦੀ ਉਦਾਰਵਾਦੀ ਵਿਚਾਰਧਾਰਾ ਤੇ ਅਮਲਾਂ ਤੋਂ ਵਧੇਰੇ ਪ੍ਰਭਾਵਿਤ ਸਨ, ਉਥੇ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਇਟਲੀ ਦੇ ਕੌਮਪ੍ਰਸਤ ਇਨਕਲਾਬੀਆਂ, ਮੈਜ਼ਿਨੀ ਤੇ ਗਿਰਬਾਲਡੀ ਆਦਿ, ਦੀ ਰਾਸ਼ਟਰਵਾਦੀ ਵਿਚਾਰਧਾਰਾ ਤੇ ਅਮਲੀ ਕਾਰਨਾਮਿਆਂ ਦਾ ਗੂੜ੍ਹਾ ਅਸਰ ਕਬੂਲਿਆ ਹੋਇਆ ਸੀ। ਬਾਅਦ ਵਿਚ ਜਾ ਕੇ ਸ਼ਹੀਦ ਭਗਤ ਸਿੰਘ ਨੇ ਰੂਸੀ ਇਨਕਲਾਬ ਦਾ ਵੀ ਗਹਿਰਾ ਵਿਚਾਰਧਾਰਕ ਪ੍ਰਭਾਵ ਗ੍ਰਹਿਣ ਕਰ ਲਿਆ ਸੀ, ਜਿਸ ਦਾ ਮਤਲਬ ਇਹ ਕਿ ਦੇਸ਼ਭਗਤ ਇਨਕਲਾਬੀ ਨਾ ਸਿਰਫ਼ ਇਨਕਲਾਬ ਦੀ ਪੱਕੀ ਹੋਈ ਲੀਹ ਉੱਤੇ ਚੱਲ ਰਹੇ ਸਨ, ਨਾਲ ਹੀ ਉਹ ਸਮੇਂ ਦੀ ਧਾਰਾ ਨਾਲ ਚੱਲ ਰਹੇ ਸਨ। ਪੱਕੀ ਲੀਹ ਉੱਤੇ ਚੱਲਣਾ ਨਵਾਂ ਲੀਹਾ ਭੰਨਣ ਨਾਲੋਂ ਮੁਕਾਬਲਤਨ ਸੌਖਾ ਕੰਮ ਹੋਇਆ ਕਰਦਾ ਹੈ। ਸਮੇਂ ਦੀ ਧਾਰਾ ਦੇ ਨਾਲ ਚੱਲਣਾ, ਧਾਰਾ ਤੋਂ ਉਲਟ ਦ੍ਰਿਸ਼ਾ ਵਿਚ ਚੱਲਣ ਨਾਲੋਂ ਕਾਫ਼ੀ ਆਸਾਨ ਹੁੰਦਾ ਹੈ। ਇਸ ਦੇ ਵਾਸਤੇ ਕੋਈ ਵਿਸ਼ੇਸ਼ ਪ੍ਰਤਿਭਾ ਦਰਕਾਰ ਨਹੀਂ ਹੋਇਆ ਕਰਦੀ। ਇਸ ਵਾਸਤੇ ਔਸਤ ਬੁੱਧੀ ਕਾਫ਼ੀ ਹੁੰਦੀ ਹੈ। ਫਿਰ ਵੀ, ਇਨਕਲਾਬ ਦੇ ਰਾਹ ’ਤੇ ਚੱਲਣਾ ‘ਅੱਗ ਨਾਲ ਖੇਡਣ’ ਵਰਗੀ ਗੱਲ ਹੀ ਹੁੰਦੀ ਹੈ। ਸੋ ਲੀਹਾ ਕੱਚਾ ਹੋਂਵੇ ਜਾਂ ਪੱਕਾ, ਇਹ ਰਾਹ ਮੁਸ਼ਕਲਾਂ ਤੇ ਖ਼ਤਰਿਆਂ ਤੋਂ ਖਾਲੀ ਨਹੀਂ ਹੁੰਦਾ। ਇਸ ਕਰਕੇ, ਖ਼ਤਰਿਆਂ ਸੰਗ ਜੂਝਣ ਦਾ ਚਾਉ ਤੇ ਜਿਗਰਾ ਇਸ ਰਾਹ ਦੇ ਪਾਂਧੀਆਂ ਦਾ ਜ਼ਰੂਰੀ ਇਖ਼ਲਾਕੀ ਗੁਣ ਮੰਨਿਆ ਜਾਂਦਾ ਹੈ। ਦੇਸ਼ਭਗਤ ਇਨਕਲਾਬੀਆਂ ਵਿਚ ਇਹ ਗੁਣ ਭਰਪੂਰ ਮਾਤਰਾ ਵਿਚ ਸੀ। ਪਰ ਇਥੇ ਫਿਰ ਸੰਤ ਜਰਨੈਲ ਸਿੰਘ ਦਾ ਮਾਮਲਾ ਕਾਫ਼ੀ ਅਲੱਗ ਬਣ ਜਾਂਦਾ ਹੈ। ਉਹ ਜੋ ਕਰਨ ਜਾ ਰਿਹਾ ਸੀ, ਉਸਦੇ ਸਾਹਮਣੇ ਇਸ ਦਾ ਨਾ ਕੋਈ ਪੂਰਵ ਮਾਡਲ ਸੀ, ਅਤੇ ਨਾ ਕੋਈ ਪੂਰਵ ਮਿਸਾਲ ਹੀ ਸੀ। ਅਜੋਕੇ ਆਧੁਨਿਕਤਾ ਦੇ ‘ਵਿਗਿਆਨਕ ਯੁਗ’ ਅੰਦਰ ਕਿਸੇ ਛੋਟੇ ਜਿਹੇ ਧਾਰਮਿਕ ਘੱਟ ਗਿਣਤੀ ਵਰਗ ਵੱਲੋਂ ਕਿਸੇ ਕੌਮਾਂਤਰੀ ਤਾਕਤ ਦੀ ਹਮਾਇਤ ਤੇ ਹੱਲਾਸ਼ੇਰੀ ਤੋਂ ਬਿਨਾਂ, ਬਹੁਗਿਣਤੀ ਵਰਗ ਦੇ ਆਧੁਨਿਕ ਸ਼ਕਤੀਸ਼ਾਲੀ ਰਾਜ ਵਿਰੁੱਧ ਹਥਿਆਰਬੰਦ ਬਗ਼ਾਵਤ ਦੇ ਜ਼ਰੀਏ ਆਪਣੀ ਰਾਜਸੀ ਆਜ਼ਾਦੀ ਦਾ ਟੀਚਾ ਹਾਸਲ ਕਰ ਲੈਣ ਦੀ ਦੁਨੀਆਂ ਦੇ ਅੰਦਰ ਕੋਈ ਵੀ ਮਿਸਾਲ ਨਹੀਂ ਮਿਲਦੀ। ਜੇਕਰ ਕੋਈ ਇਹ ਸਮਝਦਾ ਹੈ ਕਿ ਸੰਤ ਜਰਨੈਲ ਸਿੰਘ ਨੇ ਈਰਾਨ ਜਾਂ ਅਫ਼ਗਾਨਿਸਤਾਨ ਅੰਦਰ ਪ੍ਰਗਟ ਹੋਏ ਇਸਲਾਮ ਦੇ ਉਭਾਰ ਤੋਂ ਉਤਸ਼ਾਹਤ ਹੋ ਕੇ ਸਿੱਖ ਕੌਮ ਨੂੰ ਹਥਿਆਰਬੰਦ ਬਗ਼ਾਵਤ ਲਈ ਲਾਮਬੰਦ ਕਰਨ ਦਾ ਬੀੜਾ ਚੁੱਕਿਆ, ਤਾਂ ਇਉਂ ਸੋਚਣਾ ਭਾਰੀ ਗਲਤੀ ਹੈ। ਐਨ ਮੁਮਕਿਨ ਹੈ ਕਿ ਸੰਤ ਜਰਨੈਲ ਸਿੰਘ ਨੂੰ ਈਰਾਨ ਤੇ ਅਫ਼ਗਾਨਿਸਤਾਨ ਅੰਦਰਲੇ ਰਾਜਸੀ ਘਟਨਾ-ਕ੍ਰਮ ਦਾ ਬਹੁਤਾ ਇਲਮ ਹੀ ਨਾ ਹੋਵੇ। ਨਾਲੇ ਈਰਾਨ ਤੇ ਅਫ਼ਗਾਨਿਸਤਾਨ ਦਾ ਮਾਮਲਾ ਬਿਲਕੁਲ ਅਲੱਗ ਹੈ। ਇਨ੍ਹਾਂ ਰਾਜਾਂ ਦੀ ਸਾਰੀ ਦੀ ਸਾਰੀ ਵੱਸੋਂ ਮੁਸਲਿਮ ਹੈ। ਸੋ ਉਨ੍ਹਾਂ ਰਾਜਾਂ ਦੀ ਮਿਸਾਲ ਸਿੱਖਾਂ ਵਰਗੇ ਘੱਟ ਗਿਣਤੀ ਭਾਈਚਾਰੇ ਉੱਤੇ ਕਿਸੇ ਵੀ ਹਿਸਾਬ ਨਾਲ ਨਹੀਂ ਢੁਕਾਈ ਜਾ ਸਕਦੀ। ਇਸ ਕਰਕੇ ਹਕੀਕਤ ਇਹ ਹੈ ਕਿ ਸੰਤ ਜਰਨੈਲ ਸਿੰਘ ਨੇ ਜੋ ਵੀ ਕੀਤਾ, ਉਹ ਕਿਸੇ ਹੋਰ ਦੇ ਤਜਰਬੇ ਤੋਂ ਪ੍ਰਭਾਵਿਤ ਜਾਂ ਉਤਸ਼ਾਹਤ ਹੋ ਕੇ, ਅਤੇ ਜਾਂ ਕਿਸੇ ਬਾਹਰੀ ਤਾਕਤ ਦੀ ਸ਼ਹਿ ਹੇਠਾਂ ਨਹੀਂ ਸੀ ਕੀਤਾ। ਇਹ ਕਿਸੇ ਹੋਰ ਦੀ ਰੀਸ ਜਾਂ ਨਕਲ ਨਹੀਂ ਸੀ। ਇਹ ਉਸ ਦੇ ਅੰਦਰੋਂ ਨਿਕਲੀ ਗੱਲ ਸੀ, ਉਸ ਦੀ ਕੁਆਰੀ ਸੋਚ ਦਾ ਨਤੀਜਾ ਸੀ। ਇਹ ਮੀਰਅਮ ਦੀ ਪਵਿੱਤਰ ਕੁੱਖ ’ਚੋਂ ਈਸਾ ਦੇ ਪ੍ਰਗਟ ਹੋਣ ਵਰਗੀ ਹੀ ਕੋਈ ਗੱਲ ਸੀ, ਜਿਸ ਨੂੰ ਕਿਸੇ ਤਰਕਵਾਦੀ ਸੋਚ ਜਾਂ ਵਿਸ਼ਲੇਸ਼ਣ ਵਿਧੀ ਨਾਲ ਸਮਝ ਸਕਣਾ ਕਤਈ ਸੰਭਵ ਨਹੀਂ। ਸੰਤ ਜਰਨੈਲ ਸਿੰਘ ਆਧੁਨਿਕ ਅਰਥਾਂ ਵਿਚ ਕੋਈ ‘ਵਿਦਵਾਨ’ ਜਾਂ ‘ਬੁੱਧੀਜੀਵੀ’ ਨਹੀਂ ਸੀ। ਉਸ ਨੇ ਕਿਤਾਬੀ ਗਿਆਨ ਜਾਂ ਅਕਾਦਮਿਕ ਸਿਖਲਾਈ ਹਾਸਲ ਨਹੀਂ ਸੀ ਕੀਤੀ ਹੋਈ। ਉਹ ਇਕ ਸਾਦ ਮੁਰਾਦਾ ਸੰਤ-ਪੁਰਖ ਸੀ ‘‘ਸੱਚ ਦੀ ਉਸ ਮਹਾਂ-ਮ੍ਰਿਤੂ ਵਿਚ ਅਭੇਦ ਹੋ ਕੇ ਜੋ ਗੁਰੂ ਦੀ ਜਗਾਈ ਨਾਮ ਰੂਪੀ ਜੋਤ ਵਿਚ ਰਤੜੇ ਨੈਣਾਂ ਵਾਲਾ ਬਣ ਗਿਆ ਸੀ।’’ ਉਹ ‘‘ਗੁਰੂ ਜੀ ਦੀ ਨਾਮ ਬਾਣੀ ਵਿਚ ਪੁਨਰ ਜੀਵਤ ਹੋ ਕੇ ਆਤਮਕ ਅਨੁਭਵ ਦੀ ਸੁਤੰਤਰਤਾ ਵਿਚ ਅਨੰਤ’’ ਹੋ ਗਿਆ ਸੀ। ਉਸ ਦੀ ਪ੍ਰਤਿਭਾ ਆਤਮਕ ਅਨੁਭਵ ਨਾਲ ਇਸ ਤਰ੍ਹਾਂ ਜਗਮਗਾ ਉੱਠੀ ਸੀ ਕਿ ਉਸ ਦੀ ਕਲਪਨਾ ਦੇ ਅੰਦਰ, ਖ਼ਾਲਸਾ ਪੰਥ ਨੂੰ ਦਰਪੇਸ਼ ਖ਼ਤਰਿਆਂ ਤੇ ਚੁਣੌਤੀਆਂ ਦੀ ਭਰਵੀਂ ਤੇ ਸਹੀ ਤਸਵੀਰ ਉਭਰ ਆਈ ਸੀ। ਸਿੱਖ ਧਰਮ, ਸਭਿਆਚਾਰ ਤੇ ਵਿਰਸੇ ਦੀ ਰੱਖਿਆ ਲਈ ਮੌਕੇ ਮੁਤਾਬਿਕ ਕਿਹੜਾ ਕਦਮ ਮੁਨਾਸਬ ਸੀ ਅਤੇ ਦੁਸ਼ਮਣ ਦੀਆਂ ਚਾਲਾਂ ਤੇ ਉਸ ਦੇ ਹਮਲਿਆਂ ਦਾ ਕਿਹੋ ਜਿਹਾ ਢੁਕਵਾਂ ਜੁਆਬ ਦੇਣਾ ਬਣਦਾ ਸੀ, ਏਹਨਾਂ ਅਤੇ ਇਹੋ ਜਿਹੇ ਹੀ ਹੋਰਨਾਂ ਸੁਆਲਾਂ ਦੇ ਜੁਆਬਾਂ ਦਾ ਫੁਰਨਾ ਉਸ ਨੂੰ ਅੰਦਰੋਂ ਫੁਰਦਾ ਸੀ। ਉਸ ਨੇ ਆਪਣੇ ਅਮਲਾਂ ਰਾਹੀਂ ਸਵਰਗਵਾਸੀ ਪ੍ਰੋ: ਪੂਰਨ ਸਿੰਘ ਦੇ ਇਸ ਕਥਨ ਨੂੰ ਪੂਰਨ ਸੱਚ ਕਰਕੇ ਦਿਖਾ ਦਿੱਤਾ ਸੀ ਕਿ ‘‘ਬੌਧਿਕ ਵਿਸ਼ਲੇਸ਼ਣ ਕਦੇ ਵੀ ਠੀਕ ਨਹੀਂ ਹੁੰਦਾ। ਆਤਮਾ ਦਾ ਪ੍ਰਤੱਖਣ (ਸੋੁਲ ਪੲਰਚੲਪਟੋਿਨ) ਕਦੀ ਗ਼ਲਤ ਨਹੀਂ ਹੋ ਸਕਦਾ।’’ ਸੋ ਉਸ ਨੇ ਸਿੱਖ ਫ਼ਲਸਫ਼ੇ ਤੇ ਸਿੱਖ ਪਰੰਪਰਾਵਾਂ ਕੋਲੋਂ ਪ੍ਰੇਰਣਾ ਲੈਂਦਿਆਂ ਹੋਇਆਂ ਆਪਣਾ ਰਾਹ ਆਪ ਹੀ ਲੱਭਿਆ, ਆਪ ਹੀ ਇਸ ਦੇ ਨਕਸ਼ ਤਰਾਸ਼ੇ, ਅਤੇ ਫਿਰ ਖੁਦ ਆਪਣੇ ਤੇ ਆਪਣੇ ਅਤੀ ਪਿਆਰਿਆਂ ਦੇ ਸਿਰਾਂ ਦੀਆਂ ਬੁਰਜੀਆਂ ਨਾਲ ਇਸ ਦੀਆਂ ਪੱਕੀਆਂ ਨਿਸ਼ਾਨੀਆਂ ਸਥਾਪਤ ਕੀਤੀਆਂ। ਉਸ ਨੂੰ ਕਿਸੇ ਬਿਗਾਨੇ ਫ਼ਲਸਫ਼ੇ ਦੀਆਂ ਬਿਸਾਖੀਆਂ ਦੀ ਲੋੜ ਨਹੀਂ ਪਈ। ਮਨ ਦੇ ਅੰਦਰ ਕਿਸੇ ਦੀ ਨਕਲ ਜਾਂ ਰੀਸ ਕਰਨ ਦੀ ਉਤੇਜਨਾ ਪੈਦਾ ਨਹੀਂ ਹੋਈ। ਨਕਲਚੂ ਮਨੋਬਿਰਤੀ ਦਾ ਹੱਲਾ ਉਨ੍ਹਾਂ ਲੋਕਾਂ ਉੱਤੇ ਹੀ ਵੱਧ ਹੁੰਦਾ ਹੈ ਜੋ ਆਪਣੇ ਮੂਲ ਨਾਲੋਂ ਟੁੱਟ ਚੁੱਕੇ ਹੁੰਦੇ ਹਨ। ਬਾਬਾ ਦੀਪ ਸਿੰਘ ਤੇ ਭਾਈ ਤਾਰੂ ਸਿੰਘ ਵਰਗੇ ਪਰਤਾਪੀ ਸ਼ਹੀਦਾਂ ਨੂੰ ਛੱਡ ਕੇ, ਉਸ ਨੇ ਕਿਸੇ ‘ਮੈਜ਼ਿਨੀ’ ਜਾਂ ‘ਗਿਰਬਾਲਡੀ’ ਕੋਲੋਂ ਕੀ ਲੈਣਾ ਸੀ ? ਉਸਦਾ ਆਪਣਾ ‘ਘਰ’ ਹਰ ਦਾਤ ਨਾਲ ਜੋ ਭਰਿਆ ਪਿਆ ਸੀ।
ਅੰਤਰਗਾਮੀ ਸਥਿਤੀ
ਬਹੁਗਿਣਤੀ ਦੇ ਗ਼ਲਬੇ ਹੇਠਲੇ ਕਿਸੇ ਘੱਟ ਗਿਣਤੀ ਵਰਗ ਦੇ ਸਾਹਮਣੇ ਸਭ ਨਾਲੋਂ ਤਰਜੀਹੀ ਸੁਆਲ ਸਮਕਾਲੀ ਰਾਜ ਅੰਦਰ ਆਪਣੇ ਦਰਜੇ ਅਥਵਾ ਹੈਸੀਅਤ ਬਾਰੇ ਸਹੀ ਸਮਝ ਬਣਾਉਣਾ ਹੁੰਦਾ ਹੈ। ਇਸ ਗੱਲ ਤੋਂ ਹੀ ਉਸ ਦੇ ਕਾਰਜਾਂ ਦੀ ਰੂਪ-ਰੇਖਾ ਤੇ ਸੰਘਰਸ਼ ਦੀ ਰਣਨੀਤੀ ਨਿਰਧਾਰਤ ਹੁੰਦੀ ਹੈ। ਇਸ ਬੁਨਿਆਦੀ ਮੁੱਦੇ ’ਤੇ ਹੋਈ ਉਕਾਈ ਉਸ ਵਰਗ ਨੂੰ ਔਝੜੇ ਰਾਹਾਂ ’ਤੇ ਲੈ ਤੁਰਦੀ ਹੈ। 1849 ਤੋਂ ਲੈ ਕੇ 1947 ਤਕ ਸਿੱਖ ਪੰਥ ਅੰਦਰ ਬਰਤਾਨਵੀ ਰਾਜ ਹੇਠ ਆਪਣੇ ਦਰਜੇ ਨੂੰ ਲੈ ਕੇ ਕੋਈ ਰੋਲ ਘਚੋਲਾ ਜਾਂ ਬਖੇੜਾ ਨਹੀਂ ਸੀ। ਆਪਣੀ ਗ਼ੁਲਾਮੀ ਦੇ ਤੱਥ ਨੂੰ ਸਾਰੇ ਪ੍ਰਵਾਨ ਕਰਦੇ ਸਨ। ਜਿਹੜਾ ਬਖੇੜਾ ਸੀ। ਉਹ ਬਰਤਾਨਵੀ ਹਾਕਮਾਂ ਪ੍ਰਤਿ ਅਪਣਾੲ. ਜਾਣ ਵਾਲੀ ਪਹੁੰਚ ਬਾਰੇ ਸੀ। ਇਕ ਵਰਗ ਬਰਤਾਨਵੀ ਹਾਕਮਾਂ ਨਾਲ ਮਿਲਵਰਤਨ ਦੀ ਨੀਤੀ ਵਿੱਚੋਂ ਹੀ ਸਿੱਖ ਕੌਮ ਦਾ ਭਲਾ ਚਿਤਵਦਾ ਸੀ। ਦੂਜਾ ਵਰਗ ਸਮਝੌਤੇ ਤੇ ਮਿਲਵਰਤਨ ਦਾ ਰਾਹ ਛੱਡ ਕੇ ਲੜਾਈ ਦਾ ਰੁਖ਼ ਅਖ਼ਤਿਆਰ ਕਰਨ ਦੀ ਮੱਤ ਰੱਖਦਾ ਸੀ। 1947 ਵਿਚ ਜਦ ਭਾਰਤ ਇਕ ਆਜ਼ਾਦ ਮੁਲਕ ਬਣ ਗਿਆ ਤਾਂ ਸਿੱਖ ਪੰਥ ਦੇ ਕੁੱਝ ਵਰਗਾਂ ਅੰਦਰ ਭਾਰਤੀ ਗਣਰਾਜ ਹੇਠ ਸਿੱਖ ਭਾਈਚਾਰੇ ਦੇ ਸੰਵਿਧਾਨਕ ਅਧਿਕਾਰਾਂ ਨੂੰ ਲੈ ਕੇ ਕੁੱਝ ਰੋਸ ਤੇ ਨਰਾਜ਼ਗੀ ਜ਼ਰੂਰ ਪੈਦਾ ਹੋਈ, ਪਰ ਆਜ਼ਾਦੀ ਦੇ ਬੁਨਿਆਦੀ ਮੁੱਦੇ ਉੱਤੇ ਸਿੱਖ ਪੰਥ ਅੰਦਰ ਕੋਈ ਦੋਚਿਤੀ ਜਾਂ ਅਸਹਿਮਤੀ ਨਹੀਂ ਸੀ। ਜਿਵੇਂ ਕਿ ਪਿਛਲੇ ਕਾਂਡ ਵਿਚ ਅਸੀਂ ਠੋਸ ਕਥਨਾਂ ਦੇ ਹਵਾਲਿਆਂ ਨਾਲ ਦਰਸਾ ਚੁੱਕੇ ਹਾਂ, ਸਿੱਖ ਪੰਥ ਦੇ ਰਾਜਸੀ ਆਗੂਆਂ ਨੂੰ ਸਿੱਖਾਂ ਤੋਂ ਲੈ ਕੇ ਨਾਮਵਰ ਵਿਦਵਾਨਾਂ ਤਕ, ਹਰ ਕਿਸੇ ਨੇ ਭਾਰਤ ਦੀ ਆਜ਼ਾਦੀ ਨੂੰ ਸਿੱਖਾਂ ਲਈ ਸ਼ੁਭ ਸ਼ਗਨ ਕਹਿ ਕੇ, ਇਸ ਦੀ ਉੱਚੀ ਸੁਰ ਵਿਚ ਜੈ ਜੈਕਾਰ ਕੀਤੀ ਸੀ। ਉਸ ਤੋਂ ਬਾਅਦ ਅੱਸੀਵਿਆਂ ਦੇ ਦਹਾਕੇ ਤਕ ਸਿੱਖਾਂ ਦੇ ਰਾਜਸੀ ਆਗੂਆਂ ਤੇ ਵਿਦਵਾਨਾਂ ਨੇ ਭਾਰਤ ਅੰਦਰ ਸਿੱਖਾਂ ਨਾਲ ਵਿਤਕਰੇ ਤੇ ਬੇਇਨਸਾਫ਼ੀਆਂ ਦੀ ਹਕੀਕਤ ਨੂੰ ਤਾਂ ਠੀਕ ਉਭਾਰਿਆ, ਅਤੇ ਠੋਸ ਮੁੱਦਿਆਂ ਨੂੰ ਲੈ ਕੇ ਅਨੇਕਾਂ ਸ਼ਾਨਦਾਰ ਜਨਤਕ ਸੰਘਰਸ਼ ਵੀ ਲੜੇ, ਪਰ ਕਿਸੇ ਸਿੱਖ ਵਿਦਵਾਨ ਜਾਂ ਆਗੂ ਨੇ, ਕਦੇ ਵੀ, ਭਾਰਤ ਅੰਦਰ ਸਿੱਖਾਂ ਦੀ ਆਜ਼ਾਦੀ ਦੇ ਬੁਨਿਆਦੀ ਮੁੱਦੇ ਬਾਰੇ ਕੋਈ ਸ਼ੱਕ ਸ਼ੁਬ੍ਹਾ ਪ੍ਰਗਟ ਨਹੀਂ ਸੀ ਕੀਤਾ। ਸੰਤ ਜਰਨੈਲ ਸਿੰਘ ਪਹਿਲਾ ਸਿੱਖ ਆਗੂ ਸੀ ਜਿਸ ਨੇ ਬਾਂਹ ਉਲਾਰ ਕੇ ਇਹ ਗੱਲ ਕਹੀ ਕਿ ‘ਅਸੀਂ ਭਾਰਤ ਅੰਦਰ ਗ਼ੁਲਾਮ ਹਾਂ…..ਅਸੀਂ ਗ਼ੁਲਾਮੀ ਗਲੋਂ ਲਾਹ ਕੇ ਜੀਉਣਾ ਹੈ।’’ ਇਹ ਗੱਲ ਉਸ ਨੇ ਕਿਸੇ ਵਕਤੀ ਤੈਸ਼ ਵਿਚ ਆ ਕੇ ਨਹੀਂ ਸੀ ਆਖੀ, ਨਾ ਹੀ ਵਕਤੀ ਉਤੇਜਨਾ ਪੈਦਾ ਕਰਨ ਦੇ ਮੰਤਵ ਨਾਲ ਆਖੀ ਸੀ। ਉਹ ਡੂੰਘੇ ਅਨੁਭਵ ਤੋਂ ਬਾਅਤ ਇਸ ਨਿਰਣੇ ’ਤੇ ਅੱਪੜਿਆ ਸੀ। ਇਸ ਕਰਕੇ ਉਹ ਅਖ਼ੀਰ ਤਕ ਆਪਣੀ ਇਸ ਪੋਜ਼ੀਸ਼ਨ ਉੱਤੇ ਗੱਡਵੇਂ ਪੈਰੀਂ ਖੜਾ ਰਿਹਾ ਅਤੇ ਇਸ ਦੀ ਪੁਸ਼ਟੀ ਲਈ ਸਿੱਖ ਸੰਗਤਾਂ ਸਾਹਮਣੇ ਲਗਾਤਾਰ ਠੋਸ ਤੱਥ ਭੁਗਤਾਉਂਦਾ ਰਿਹਾ।
‘ਮਸੀਹੇ ਦਾ ਕੰਮ ਸਿਰਫ਼ ਰੋਸ ਪ੍ਰਗਟ ਕਰਨ ਤਕ ਸੀਮਤ ਨਹੀਂ ਹੁੰਦਾ, ਉਹ ਨਾਲ ਬਦਲ ਵੀ ਪੇਸ਼ ਕਰਦਾ ਹੈ। ਉਹ ਉੱਚੀ ਆਵਾਜ਼ ਬੁਲੰਦ ਕਰਦਾ ਹੈ।4 ਸੰਤ ਜਰਨੈਲ ਸਿੰਘ ਸਿਰਫ਼ ਇਹ ਸੱਚ ਬਿਆਨ ਕਰਕੇ ਚੁੱਪ ਨਹੀਂ ਸੀ ਹੋ ਗਿਆ ਕਿ ‘‘ਅਸੀਂ ਗ਼ੁਲਾਮ ਹਾਂ।’ ਉਸ ਨੇ ਬਰਾਬਰ ਓਨੇ ਹੀ, ਸਗੋਂ ਉਸ ਨਾਲੋਂ ਵੀ ਵਧਵੇਂ, ਜ਼ੋਰ ਨਾਲ ਇਹ ਸੰਕਲਪ ਵੀ ਦ੍ਰਿੜ੍ਹਾਇਆ ਕਿ ‘‘ਅਸੀਂ ਗ਼ੁਲਾਮੀ ਗਲੋਂ ਲਾਹ ਕੇ ਜੀਉਣਾ ਹੈ।’’ ਉਸ ਦਾ ਇਹ ਸੰਕਲਪ ਬਹੁਤ ਗਹਿਰੇ ਭਾਵ ਰੱਖਦਾ ਸੀ। ਇਹ ਗੱਲ ਅਸੀਂ ਪਿੱਛੇ ਭਲੀਭਾਂਤ ਪਰਮਾਣਿਤ ਕਰ ਆਏ ਹਾਂ ਕਿ ਭਾਰਤੀ ਰਾਸ਼ਟਰਵਾਦ ਦਾ ਜਜ਼ਬਾ ਇਕੱਲਾ ਸਭ ਨਾਲੋਂ ਬਲਕਾਰੀ ਵਿਚਾਰਧਾਰਕ ਫ਼ੈਕਟਰ ਹੈ ਜਿਸ ਨੇ ਪਹਿਲਾਂ, ਬਸਤੀਵਾਦ ਵਿਰੋਧੀ ਸੰਘਰਸ਼ ਦੇ ਦੌਰਾਨ ਸਿੱਖਾਂ ਨੂੰ ਘੇਰ ਕੇ ਹਿੰਦੂ ਵਰਗ ਦੇ ਵਿਚਾਰਧਾਰਕ ਗ਼ਲਬੇ ਹੇਠ ਲਿਆਂਦਾ, ਅਤੇ ਫਿਰ 1947 ਤੋਂ ਬਾਅਦ ਉਨ੍ਹਾਂ ਨੂੰ ਸਵੈ-ਇੱਛਾ ਨਾਲ ਹੀ, ਹਿੰਦੂ ਵਰਗ ਦਾ ਰਾਜਸੀ ਗ਼ਲਬਾ ਪ੍ਰਵਾਨ ਕਰਨ ਲਈ ਪ੍ਰੇਰਿਤ ਕੀਤਾ। 1947 ਤੋਂ ਪਹਿਲਾਂ, ਅਤੇ ਬਾਅਦ ਵਿਚ ਵੀ, ਦੇਸ਼ਭਗਤੀ ਦੇ ਇਸ ਜਜ਼ਬੇ ਨੇ ਸਿੱਖਾਂ ਦੇ ਕਿੰਨੇ ਹੀ ਜਾਨਦਾਰ ਰਾਜਸੀ ਉਭਾਰ ਨਿਗਲ ਲਏ ਸਨ। ਲਗਭਗ ਪੂਰੀ ਇਕ ਸਦੀ ਤੋਂ ਹੀ ਇਸ ਦਾ ਸਿੱਖ ਸਮਾਜ ਅੰਦਰ, ਕਿੰਨੇ ਹੀ ਪਾਸਿਆ ਤੋਂ (ਹਿੰਦੂ ਰਾਸ਼ਟਰਵਾਦੀਆਂ ਤੋਂ ਲੈ ਕੇ ਗਾਂਧੀਵਾਦੀਆਂ, ਨੈਸ਼ਨਲਿਸਟ ਸਿੱਖਾਂ ਤੋਂ ਲੈ ਕੇ ਇਨਕਲਾਬੀ ਦੇਸ਼ਭਗਤਾਂ, ਅਤੇ ਆਰੀਆ ਸਮਾਜੀਆਂ ਤੋਂ ਲੈ ਕੇ ਹਰ ਵੰਨਗੀ ਦੇ ਖੱਬੇ ਪੱਖੀਆਂ ਤਕ), ਅਤੇ ਕਿੰਨੇ ਹੀ ਰੂਪਾਂ ਵਿਚ (ਸਿਧਾਂਤਕ ਲਿਖਤਾਂ ਤੋਂ ਲੈ ਕੇ ਸਾਹਿਤਕ ਰਚਨਾਵਾਂ-ਨਾਵਲਾਂ, ਕਹਾਣੀਆਂ, ਨਾਟਕਾਂ ਤੇ ਗੀਤਾਂ ਆਦਿ-ਤਕ), ਜ਼ੋਰਦਾਰ ਸੰਚਾਰ ਹੁੰਦਾ ਆ ਰਿਹਾ ਸੀ। ਇਸ ਕਰਕੇ ਸਿੱਖ ਸਮਾਜ ਨੂੰ ਇਸ ਵਿਚਾਰਧਾਰਕ ‘ਵਾਇਰਸ’ ਤੋਂ ਸੁਰਖ਼ਰੂ ਕਰਨਾ, ਕਿਸੇ ਵੀ ਲਿਹਾਜ਼ ਨਾਲ, ਸੁਖਾਲਾ ਕਾਰਜ ਨਹੀਂ ਸੀ। ਸਿੱਖ ਚੇਤਨਾ ਉੱਤੇ ਚੀੜ੍ਹੀ ਤਰ੍ਹਾਂ ਨਾਲ ਜੰਮ ਚੁੱਕੀ ਹੋਈ ਇਸ ਵਿਚਾਰਧਾਰਕ ਮੈਲ ਨੂੰ ਕੂਚ ਕੂਚ ਕੇ ਲਾਹੁਣਾ ਪੈਣਾ ਸੀ, ਜਿਸ ਦੇ ਵਾਸਤੇ ਬਹੁਤ ਹੀ ਦੀਰਘ-ਕਾਲੀ ਤੇ ਸਿਰੜ ਭਰੇ ਯਤਨਾਂ ਦੀ ਜ਼ਰੂਰਤ ਸੀ। ਸੰਤ ਜਰਨੈਲ ਸਿੰਘ ਕੋਲ ਇਕ ਤਾਂ ਸਮਾਂ ਬੇਹੱਦ ਥੋੜ੍ਹਾ ਸੀ। ਦੂਜਾ, ਇਸ ਪੱਖੋਂ ਉਹ ਬਹੁਤ ਹੀ ‘ਇਕੱਲਾ’ ਸੀ।* ਜਦ ਉਹ ਇਹ ਗੱਲ ਕਹਿੰਦਾ ਸੀ ਕਿ ‘‘ਜੇ ਹੱਕ ਮਿਲਦੇ ਹਨ ਤਾਂ ਹੀ ਦੇਸ ਸਾਡਾ ਹੈ…. ਦੋਵੇਂ ਪਾਸੇ ਸਿੱਖ ਮਰ ਰਹੇ ਹਨ। ਆਪਸ ਵਿਚ ਕਿਉਂ ਮਰੀਏ? ਹਿੰਦੂ ਪਾਸੇ ਬੈਠੈ,’’ ਤਾਂ ਉਸ ਦੇ ਇਨ੍ਹਾਂ ਸ਼ਬਦਾਂ ਦੇ ਅਰਥਾਂ ਨੂੰ ਸਮਝਣ ਵਾਲੇ ਮੂਲੋਂ ਹੀ ਥੋੜ੍ਹੇ ਸਨ। ਇਨ੍ਹਾਂ ਨੂੰ ਗ੍ਰਹਿਣ ਕਰਨ ਵਾਲੇ ਤਾਂ ਹੋਰ ਵੀ ਘੱਟ ਸਨ। ਇਸ ਕਰਕੇ ਜੇਕਰ ਕਿਸੇ ਦਾ ਉਸ ਪ੍ਰਤਿ ਇਹ ਉਲਾਹਮਾ ਹੈ ਕਿ ਉਸ ਨੇ ਸਿੱਖ ਕੌਮ ਅੱਗੇ ਆਜ਼ਾਦੀ ਦਾ ਕੋਈ ਠੋਸ ਤੇ ਨਿਖਰਵਾਂ ਪ੍ਰੋਗਰਾਮ ਪੇਸ਼ ਨਹੀਂ ਸੀ ਕੀਤਾ, ਤਾਂ ਅਜਿਹੀ ਗੱਲ ਕਹਿਣ ਵਾਲੇ ‘ਬੁੱਧੀਮਾਨਾਂ’ ਨੂੰ ਠੋਸ ਜ਼ਮੀਨੀ ਹਕੀਕਤਾਂ ਦਾ ਰਤੀ ਵੀ ਗਿਆਨ ਨਹੀਂ ਹੈ। ਸੰਤ ਜਰਨੈਲ ਸਿੰਘ ਦਾ ਵੱਧ ਜ਼ੋਰ ਤਾਂ ਅਜੇ ਕੌਮ ਅੰਦਰੋਂ ਗੁਲਾਮੀ ਦੇ ਚਿਰ-ਕਾਲੀ ਮਨੋਵਿਗਿਆਨਕ ਅਸਰਾਂ ਨੂੰ ਦੂਰ ਕਰਨ ਉੱਤੇ ਹੀ ਲੱਗਾ ਹੋਇਆ ਸੀ। ਉਹ ਤਾਂ ਅਜੇ ਕੌਮ ਨੂੰ ਉਂਗਲ ਫੜ ਕੇ ਤੁਰਨ ਦੀ ਜਾਚ ਸਿਖਾ ਰਿਹਾ ਸੀ। ਦੌੜਨ ਵਾਸਤੇ ‘ਬੂਟਾਂ’ ਤੇ ‘ਟਰੈਕ ਸੂਟਾਂ’ ਦੀ ਲੋੜ ਤਾਂ ਬਹੁਤ ਅੱਗੇ ਜਾ ਕੇ ਪੈਣੀ ਸੀ। ਉਸ ਨੇ ਸਿੱਖ ਆਗੂਆਂ ਦੇ ਹੱਥੋਂ ਮਤਿਆਂ ਦਾ ਗਰਭਪਾਤ ਹੁੰਦਾ ਦੇਖਿਆ ਸੀ। ਇਸ ਕਰਕੇ ਉਸ ਨੇ ਆਪਣੇ ਵੱਲੋਂ ਹੋਰ ਕੋਈ ਨਵਾਂ ਪ੍ਰਗਰਾਮ ਦੇਣ ਦੀ ਬਜਾਇ, ‘ਅਨੰਦਪੁਰ ਸਾਹਿਬ ਦੇ ਮਤੇ’ ਦੀ ਭਾਵਨਾ (ਆਤਮਾ) ਦੀ ਰੱਖਿਆ ਕਰਨ ਦਾ ਜ਼ਿੰਮਾ ਓਟ ਲਿਆ ਹੋਇਆ ਸੀ। ਉਸ ਨੇ ਅਮਲ ਦੇ ਜ਼ਰੀਏ ਇਹ ਸਾਬਤ ਕਰ ਦਿਖਾਇਆ ਸੀ ਕਿ ਕਿਸੇ ਵੀ ਮਤੇ ਦੇ ਰਸਮੀ ਸ਼ਬਦਾਂ ਨਾਲੋਂ, ਇਸ ਨੂੰ ਲਾਗੂ ਕਰਨ ਵਾਲੀਆਂ ਰਾਜਨੀਤਕ ਸ਼ਕਤੀਆਂ ੀ ਭਾਵਨਾ ਵੱਧ ਅਹਿਮ ਹੁੰਦੀ ਹੈ। ਭਾਵਨਾ ਠੀਕ ਹੋਵੇ ਤਾਂ ਅਨੰਦਪੁਰ ਦਾ ਮਤਾ ਵੀ ਸਿੱਖ ਕੌਮ ਦੀ ਆਜ਼ਾਦੀ ਦੀ ਲੜਾਈ ਦਾ ਸਿਧਾਂਤਕ ਸਾਧਨ ਬਣ ਸਕਦਾ ਹੈ। ਭਾਵਨਾ ਠੀਕ ਨਾ ਹੋਵੇ ਤਾਂ ਖ਼ਾਲਿਸਤਾਨ ਦਾ ਨਾਹਰਾ ਵੀ ਕੋਰਾ ਦੰਭ ਬਣ ਕੇ ਰਹਿ ਜਾਂਦਾ ਹੈ।
ਭਾਵੇਂ ਕਿ ਇਹ ਗੱਲ ਪੂਰਨ ਸੱਚ ਹੈ ਕਿ ਵਿਧਾਨਸਾਜ਼ ਅਸੰਬਲੀ ਅੰਦਰ ਸਿੱਖਾਂ ਦੇ ਨੁਮਾਇੰਦਿਆਂ ਨੇ, ਉਨ੍ਹਾਂ ਦੀਆਂ ਨਿਆਈਂ ਮੰਗਾਂ ਨੂੰ ਹਿੰਦੂ ਬਹੁਗਿਣਤੀ ਮੈਂਬਰਾਂ ਵੱਲੋਂ ਬੇਰੁਖ਼ੀ ਨਾਲ ਠੁਕਰਾ ਦੇਣ ਦੇ ਨਤੀਜੇ ਵਜੋਂ, ਭਾਰਤੀ ਸੰਵਿਧਾਨ ਨੂੰ ਆਪਣੀ ਰਸਮੀ ਪ੍ਰਵਾਨਗੀ ਦੇਣ ਤੋਂ ਇਹ ਕਹਿੰਦਿਆਂ ਹੋਇਆ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ‘‘ਸਿੱਖਾਂ ਨੂੰ ਇਹ ਸੰਵਿਧਾਨ ਮਨਜ਼ੂਰ ਨਹੀਂ ਹੈ,’’ ਪਰ ਇਸ ਦੇ ਨਾਲ ਜੁੜਵਾਂ ਹੀ ਬੇਹੱਦ ਅਭਾਗਾ ਤੇ ਕੌੜਾ ਸੱਚ ਇਹ ਹੈ ਕਿ ਸੰਵਿਧਾਨ ਨੂੰ ਠੁਕਰਾ ਦੇਣ ਵਾਲੀ ਇਸ ਗੱਲ ਨੂੰ, ਸਿੱਖਾਂ ਦੇ ਸਾਰੇ ਹੀ ਵਰਗਾਂ ਨੇ, ਸਮੇਤ ਇਹ ਗੱਲ ਕਰਨ ਵਾਲੇ ਸਿੱਖ ਨੁਮਾਇੰਦਿਆਂ ਦੇ, ਥਾਏਂ ਹੀ ਭੁਲਾ ਦਿੱਤਾ ਸੀ। 1947 ਦੇ ਵਿਚ ਸਿੱਖ ਕੌਮ ਦੇ ਵਿਦਵਾਨਾਂ ਤੇ ਆਗੂਆਂ ਨੇ ਭਾਰਤ ਦੀ ਆਜ਼ਾਦੀ ਬਾਰੇ ਜੋ ਪੋਜ਼ੀਸ਼ਨ ਲੈ ਲਈ ਸੀ, ਉਸ ’ਚੋਂ ਸੰਵਿਧਾਨ ਬਾਰੇ ਇਸ ਨਾਲੋਂ ਵੱਖਰੀ ਹੋਰ ਕੋਈ ਪੋਜ਼ੀਸ਼ਨ ਹੋ ਨਹੀਂ ਸੀ ਸਕਦੀ। ਉਸ ਤੋਂ ਬਾਅਦ ਸਿੱਖਾਂ ਨੇ ਭਾਰਤੀ ਸੰਵਿਧਾਨ ਦੇ ਜੂਲੇ ਨੂੰ ਪੂਰਨ ਸ਼ਰਧਾ ਤੇ ਅਧੀਨਗੀ ਨਾਲ ਗਲ ਵਿਚ ਪੁਆ ਲਿਆ ਸੀ। ਸੰਤ ਜਰਨੈਲ ਸਿੰਘ ਦੇ ਰਾਜਸੀ ਦ੍ਰਿਸ਼ ਉੱਤੇ ਪ੍ਰਗਟ ਹੋਣ ਤੋਂ ਪਹਿਲਾਂ ਸਿੱਖਾਂ ਦੇ ਕਿਸੇ ਵੀ ਵਰਗ ਅੰਦਰ ਇਸ ਸੰਵਿਧਾਨਕ ਛੱਪੇ ਤੋਂ ਸੁਰਖ਼ਰੂ ਹੋਣ ਦੀ ਰਾਜਸੀ ਚੇਤਨਾ ਤੇ ਹਿੰਮਤ ਪੈਦਾ ਨਹੀਂ ਸੀ ਹੋਈ। ਸੰਤ ਜਰਨੈਲ ਸਿੰਘ ਪਹਿਲਾ ਸਿੱਖ ਆਗੂ ਸੀ ਜਿਸ ਨੇ ਸਿੱਖਾਂ ਨੂੰ ਗ਼ੁਲਾਮੀ ਦੇ ਇਸ ਬੰਧਨ ਤੋਂ ਮੁਕਤ ਹੋਣ ਲਈ ਪ੍ਰੇਰਿਆ ਅਤੇ ਸੰਵਿਧਾਨ ਪ੍ਰਤਿ ਰਵੱਈਏ ਦੇ ਮਸਲੇ ਨੂੰ ਆਪਣੇ ਹੀ ਵਿਸ਼ੇਸ਼ ਢੰਗ ਨਾਲ ਨਜਿੱਠਿਆ। ਉਸ ਨੇ ਪੈਰ ਪੈਰ ’ਤੇ ਇਸ ਦਾ ਫ਼ਿਰਕੂ, ਪੱਖਪਾਤੀ ਤੇ ਦੰਭੀ ਖ਼ਾਸਾ ਉਜਾਗਰ ਕੀਤਾ, ਅਤੇ ਇਸ ਢੰਗ ਨਾਲ, ਇਸ ਦੀ ਸਾਰੀ ਨੈਤਿਕ ਪਰਮਾਣਿਕਤਾ (ਅਥਾਰਟੀ) ਨੂੰ ਰੋਲ ਕੇ ਰੱਖ ਦਿੱਤਾ, ਆਪਣੇ ਸੰਘਰਸ਼ ਦੇ ਪੈਂਤੜੇ ਤੈਅ ਕਰਨ ਲੱਗਿਆਂ ਉਸ ਨੇ ਇਸ (ਸੰਵਿਧਾਨ) ਦੀ ਧੇਲੇ ਦੀ ਪਰਵਾਹ ਨਹੀਂ ਸੀ ਕੀਤੀ। ਸਿੱਖਾਂ ਵਰਗੇ ਇਕ ਨਿਗੂਣੇ ਘੱਟ ਗਿਣਤੀ ਧਾਰਮਿਕ ਭਾਈਚਾਰੇ ਦੇ ਆਗੂ ਵੱਲੋਂ ਭਾਰਤੀ ਸੰਵਿਧਾਨ ਪ੍ਰਤਿ ਇਸ ਤਰ੍ਹਾਂ ਦਾ ਖੁੱਲ੍ਹਾ ਬਾਗ਼ੀਆਨਾ ਰੁਖ਼ ਅਖ਼ਤਿਆਰ ਕਰ ਲੈਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਇਸ ਵਾਸਤੇ ਬਹੁਤ ਤਕੜਾ ਆਤਮਕ ਬਲ ਤੇ ਭਰੋਸਾ ਚਾਹੀਦਾ ਸੀ ਜੋ ਕਿਸੇ ਦੈਵੀ-ਪ੍ਰੇਰਣਾ ਨੂੰ ਆਪਣੇ ਅੰਦਰ ਜਗ੍ਹਾ ਲੈਣ ਤੋਂ ਬਿਨ੍ਹਾਂ ਹਾਸਲ ਨਹੀਂ ਹੋ ਸਕਦਾ। ਭਾਰਤ ਅੰਦਰ ਸਿੱਖ ਕੌਮ (ਵਰਗੀ) ਸਥਿਤੀ ਵਿਚ ਵਿਚਰ ਰਹੇ ਹੋਰ ਕਿਸੇ ਵੀ ਵਰਗ ਅੰਦਰ ਅਜਿਹਾ ਹੌਸਲਾ ਪੈਦਾ ਨਹੀਂ ਹੋਇਆ। ਉੱਤਰ-ਪੂਰਬ ਦੇ ਸੰਘਰਸ਼ਸ਼ੀਲ ਵਰਗਾਂ, ਅਤੇ ਜਾਂ ਕਸ਼ਮੀਰ ਵਾਦੀ ਦੇ ਲੋਕਾਂ ਵੱਲੋਂ ਭਾਰਤੀ ਸੰਵਿਧਾਨ ਨੂੰ ਰੱਦ ਕਰਨ ਦਾ ਮਾਮਲਾ ਅਤੇ ਪ੍ਰਸੰਗ ਬਹੁਤ ਹੀ ਅਲੱਗ ਹੈ, ਜਿਸ ਦੀ ਸਿੱਖਾਂ ਦੇ ਨਾਲ ਤੁਲਨਾ ਕਰਨੀ ਫਬਦੀ ਨਹੀਂ। ਇਨ੍ਹਾਂ ਸਾਰੇ ਵਰਗਾਂ ਦੀ ਬਾਹਰਮੁਖੀ ਤੇ ਅੰਤਰਗਾਮੀ ਸਥਿਤੀ, ਸਿੱਖਾਂ ਨਾਲੋਂ ਬਹੁਤ ਹੀ ਅਲੱਗ ਹੈ। ਇਸ ਬਾਰੇ ਭਰਵੀਂ ਬਹਿਸ ਕੀਤੀ ਜਾ ਸਕਦੀ ਹੈ। ਪਰ ਇਥੇ ਲਿਖਤ ਦਾ ਵਿਸ਼ਾ ਤੇ ਵਹਿਣ ਇਸ ਗੱਲ ਦੀ ਆਗਿਆ ਨਹੀਂ ਦਿੰਦੇ। ਇਸ ਮਾਮਲੇ ਵਿਚ ਫਿਰ ਸੰਤ ਜਰਨੈਲ ਸਿੰਘ ਨੇ 1947 ਤੋਂ ਲੈ ਕੇ ਨਿਰੰਤਰ ਰੂਪ ਵਿਚ ਵਗਦੀ ਆ ਰਹੀ ਧਾਰਾ ਨੂੰ ਉਲਟੇ ਰੁਖ਼ ਭੁੰਆਂ ਦੇਣ ਦੀ ਕਰਾਮਾਤ ਕਰ ਦਿਖਾਈ ਸੀ।
ਖ਼ਾਲਸਾ ਫ਼ੌਜਾਂ ਨੇ ਅੰਗਰੇਜ਼ਾਂ ਨਾਲ ਆਪਣੀ ਆਖ਼ਰੀ ਜੰਗ ਹਾਰ ਜਾਣ ਤੋਂ ਬਾਅਦ ਜਦ 14 ਮਾਰਚ 1849 ਦੇ ਬਦਨਸੀਬ ਦਿਹਾੜੇ ’ਤੇ ਅੰਗਰੇਜ ਫ਼ੌਜ ਦੇ ਜਨਰਲ ਗਿਲਬਰਟ ਦੇ ਸਾਹਮਣੇ ਆਪਣੇ ਹਥਿਆਰ ਸੁੱਟ ਦਿੱਤੇ ਸਨ ਤਾਂ ਇਸ ਦੇ ਨਾਲ ਹੀ, ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਸਿੱਖ ਭਾਈਚਾਰੇ ਨੂੰ ਹਥਿਆਰਬੰਦ ਕਰਨ ਦੀ 240 ਸਾਲ ਪੁਰਾਣੀ ਰੀਤ ਦਾ ਇਕ ਵਾਰ ਅੰਤ ਹੋ ਗਿਆ ਸੀ। ਉਸ ਤੋਂ ਬਾਅਦ ਇਤਿਹਾਸ ਅੰਦਰ ਅੱਡ ਅੱਡ ਮੌਕਿਆਂ ’ਤੇ ਸਿੱਖ ਪੰਥ ਅੰਦਰਲੇ ਕੁੱਝ ਵਰਗਾਂ ਵੱਲੋਂ, ਛੋਟੇ ਪੈਮਾਨੇ ’ਤੇ, ਵੇਲੇ ਦੀ ਰਾਜ ਸ਼ਕਤੀ ਨੂੰ ਹਥਿਆਰਾਂ ਨਾਲ ਚੁਣੌਤੀ ਦੇਣ ਦੀਆਂ ਕੁੱਝ ਟੁੱਟਵੀਆਂ ਇਕਹਿਰੀਆਂ ਕੋਸ਼ਿਸ਼ਾਂ ਜ਼ਰੂਰ ਹੁੰਦੀਆਂ ਰਹੀਆਂ, ਪਰ ਸਿੱਖ ਕੌਮ ਨੇ ਲਗਭਗ ਤਿੰਨ ਪੁਸ਼ਤਾਂ ਤਕ, ਕਦੇ ਵੀ, ਹਥਿਆਰਬੰਦ ਹੋਣ ਦੇ ਆਪਣੇ ਦੈਵੀ ਅਧਿਕਾਰ ਦਾ ਦਾਅਵਾ ਨਹੀਂ ਸੀ ਜਤਲਾਇਆ। 130 ਸਾਲਾਂ ਦੇ ਲੰਮੇ ਵਕਫ਼ੇ ਬਾਅਦ, ਪਹਿਲੀ ਵਾਰ, ਸੰਤ ਜਰਨੈਲ ਸਿੰਘ ਨੇ ਸਿੱਖ ਕੌਮ ਨੂੰ ਆਪਣੀ ਇਸ ਪਰੰਪਰਾ ਦਾ ਮੁੜ ਚੇਤਾ ਕਰਾਇਆ। ਚੇਤਾ ਕੀ ਕਰਾਇਆ, ਪੰਜਾਬ ਦੀ ਧਰਤੀ ਨੂੰ ਇਕ ਵਾਰ ਤਾਂ ਉਸ ਨੇ ਅਠਾਰ੍ਹਵੀਂ ਸਦੀ ਵਾਲੇ ਖ਼ਾਲਸਈ ਜਲਾਲ ਤੇ ਚੜ੍ਹਤਲ ਦੇ ਰੰਗ ਵਿਚ ਪੂਰੀ ਤਰ੍ਹਾਂ ਨਾਲ ਰੰਗ ਦਿੱਤਾ ਸੀ। ਸੰਤ ਜਰਨੈਲ ਸਿੰਘ ਦੇ ਇਸ ਕਮਾਲ ਨੂੰ ਉਨਾ ਚਿਰ ਠੀਕ ਤਰ੍ਹਾਂ ਨਾਲ ਨਹੀਂ ਜਾਣਿਆ ਜਾ ਸਕਦਾ ਜਿੰਨਾ ਚਿਰ ਇਸ ਨੂੰ 130 ਸਾਲਾਂ ਦੀ ਗ਼ੁਲਾਮੀ ਦੇ ਪਿਛੋਕੜ ਤੇ ਉਸ ਸਮੁੱਚੇ ਮਾਹੌਲ, ਜਿਸ ਵਿਚ ਇਹ ਕਾਇਆ-ਕਲਪ ਹੋਇਆ, ਨਾਲ ਜੋੜ ਕੇ ਨਹੀਂ ਦੇਖਿਆ ਜਾਂਦਾ।
ਮਨੁੱਖੀ ਆਤਮਾ ਅਤੇ ਸ਼ਖ਼ਸੀਅਤ ਉੱਤੇ ਗ਼ੁਲਾਮੀ ਦੇ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਅਮਰੀਕਾ ਦੇ ਅਭਾਗੇ ਕਾਲਿਆਂ ਤੋਂ ਵੱਧ ਹੋਰ ਕੌਣ ਜਾਣ ਸਕਦਾ ਤੇ ਮਹਿਸੂਸ ਕਰ ਸਕਦਾ ਹੈ ! ਗ਼ੁਲਾਮੀ ਦੀ ਏਨੀ ਲੰਮੀ ਤੇ ਏਨੀ ਬਦਬਖ਼ਤ ਜੂਨ ਹੋਰ ਕਿਸੇ ਨੇ ਭੋਗੀ ਹੈ? ਇਸ ਦੁਖਿਆਰੀ ਕੌਮ ਦੇ ਸਾਰੇ ਦਰਦ ਨੂੰ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਇਸ ਇੱਕੋ ਫ਼ਿਕਰੇ ਵਿਚ ਬੀੜ ਦਿੱਤਾ ਸੀ ਕਿ ‘‘ਗ਼ੁਲਾਮੀ ਆਤਮਾ ਨੂੰ ਸ਼ਕਲੋਂ-ਬੇਸ਼ਕਲ ਕਰ ਦਿੰਦੀ ਹੈ ਅਤੇ ਸ਼ਖ਼ਸੀਅਤ ਦਾ ਨਾਸ ਮਾਰ ਦਿੰਦੀ ਹੈ।’’ ਭਾਵੇਂ ਸਿੱਖਾਂ ਦੀ ਸਥਿਤੀ ਕਦੇ ਵੀ ਅਮਰੀਕੀ ਕਾਲਿਆਂ ਜਿੰਨੀ ਬਦਤਰ ਨਹੀਂ ਰਹੀ, ਪਰੰਤੂ ਫਿਰ ਵੀ ਗ਼ੁਲਾਮੀ ਆਖ਼ਰ ਗ਼ੁਲਾਮੀ ਹੀ ਹੁੰਦੀ ਹੈ। 130 ਸਾਲਾਂ ਦੀ ਗ਼ੁਲਾਮੀ ਨੇ ਸਿੱਖਾਂ ਉੱਤੇ ਕਈ ਤਰ੍ਹਾਂ ਦੇ ਮਨੋਵਿਗਿਆਨਕ ਅਸਰ ਪਾ ਦਿੱਤੇ ਹਨ। ਸੰਤ ਜਰਨੈਲ ਸਿੰਘ ਨੇ ਆਪਣੇ ਥੋੜ੍ਹੇ ਜਿਹੇ ਅਨੁਭਵ ਵਿੱਚੋਂ ਹੀ ਇਹ ਗੱਲ ਤਾੜ ਲਈ ਸੀ ਕਿ ਸਿੱਖ ਕੌਮ ਦੇ ਵੱਡੇ ਵਰਗਾਂ, ਖ਼ਾਸ ਕਰਕੇ ਇਸਦੇ ਰਾਜਸੀ ਆਗੂਆਂ ਤੇ ਇਸ ਦੀਆਂ ਬੌਧਿਕ ਪਰਤਾਂ ਅੰਦਰ ਘੱਟ ਗਿਣਤੀ ਦੀ ਹੀਣ-ਭਾਵਨਾ ਡੂੰਘੀਆਂ ਜੜ੍ਹਾਂ ਫੜ ਗਈ ਹੋਈ ਸੀ। ਹਰਿੰਦਰ ਸਿੰਘ ਮਹਿਬੂਬ ਹੁਰਾਂ ਦੇ ਲਹਿਜੇ ਵਿਚ ਗੱਲ ਕਰਨੀ ਹੋਵੇ ਤਾਂ ‘‘ਉਨ੍ਹਾਂ ਦੀ ਅਣਖ ਦੇ ਲਹੂ ਸੁੱਕ ਚੁੱਕੇ ਸਨ।’’ ਜਿਸ ਕਰਕੇ ਉਹ ਬਹੁਗਿਣਤੀ ਵਰਗ ਦੀ ਹਰ ਵਧੀਕੀ ਤੇ ਬਦਤਮੀਜ਼ੀ ਨੂੰ ਜਾਂ ਤਾਂ ਬੇਗ਼ੈਰਤਿਆਂ ਦੇ ਵਾਂਗ ਬਰਦਾਸ਼ਤ ਕਰ ਲੈਂਦੇ ਸਨ, ਅਤੇ ਜਾਂ ਫਿਰ ਮੌਕੇ ’ਤੇ ਸਤਿਆਹੀਣ ਤੇ ਬਾਂਝ ਜਿਹੀ ਬੁੜਬੁੜ ਕਰਕੇ, ਥੋੜ੍ਹੇ ਹੀ ਚਿਰ ਦੇ ਬਾਅਦ ਸਭ ਕੁੱਝ ਭੁੱਲ ਭੁਲਾ ਜਾਂਦੇ ਸਨ। ਸਿੱਖ ਕੌਮ ਦੀ ਇਸ ਸਮੁੱਚੀ ਬਾਹਰਮੁਖੀ ਤੇ ਅੰਤਰਮੁਖੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਸੰਤ ਜਰਨੈਲ ਸਿੰਘ, ਆਪਣੇ ਡੂੰਘੇ ਆਤਮਕ ਅਨੁਭਵ ’ਚੋਂ, ਇਸ ਨਿਸਚਿਤ ਨਿਰਣੇ ’ਤੇ ਪਹੁੰਚ ਗਏ ਸਨ ਕਿ ਬਹੁਗਿਣਤੀ ਦੇ ਨਿਰੰਕੁਸ਼ ਰਾਜ ਦੇ ਹੇਠਾਂ ਸਿੱਖਾਂ ਦਾ ਧਰਮ ਤੇਗ਼ ਦੀ ਚਮਕਾਰ ਤੋਂ ਬਿਨ੍ਹਾਂ ਜੀਵਤ ਨਹੀਂ ਸੀ ਰਹਿ ਸਕਦਾ। ਉਸ ਨੇ ਪ੍ਰੋ: ਪੂਰਨ ਸਿੰਘ ਦੀਆਂ ਇਹ ਸਤਰਾਂ ਪੜ੍ਹੀਆਂ ਸੀ ਜਾਂ ਨਹੀਂ, ਪਰ ਗੁਰੂ ਇਤਿਹਾਸ ਤੇ ਗੁਰੂ ਗੰ੍ਰਥ ਸਾਹਿਬ ਨਾਲ ਇਕਸੁਰ ਹੋਈ ਉੱਚੀ ਸੁਰਤਿ ’ਚੋਂ ਉਸ ਨੇ ਇਸ ਸਚਾਈ ਨੂੰ ਗੂੜ੍ਹੀ ਤਰ੍ਹਾਂ ਪਛਾਣ ਲਿਆ ਤੇ ਗ੍ਰਹਿਣ ਕਰ ਲਿਆ ਹੋਇਆ ਸੀ ਕਿ ‘‘ਉਹੋ ਚੀਜ਼ਾਂ ਹੀ ਜੀਉਂਦਿਆਂ ਰਹਿ ਸਕਦੀਆਂ ਹਨ ਜਿਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਗੱਡੀਆਂ ਹੋਈਆਂ ਹੁੰਦੀਆਂ ਹਨ। ਜਿਨ੍ਹਾਂ ਦੀਆਂ ਜੜ੍ਹਾਂ ਉੱਖੜ ਚੁੱਕੀਆਂ ਹਨ, ਉਹਨਾਂ ਨੂੰ ਜਾਂ ਤਾਂ ਹਵਾਵਾਂ ਉਡਾ ਕੇ ਲੈ ਜਾਣਗੀਆਂ ਜਾਂ ਸੁੱਕੀਆਂ ਜੜ੍ਹਾਂ ਅੱਗ ਵਿਚ ਸੜ ਜਾਣਗੀਆਂ,’’ ਅਤੇ ਇਹ ਵੀ ਕਿ ‘‘ਜੀਉਂਦੀਆਂ ਕੌਮਾਂ ਦੀ ਰੱਤ ਇਸਪਾਤ ਹੁੰਦੀ ਹੈ। ਕੇਵਲ ਮੁਰਦਾ ਲੋਕ ਹੀ ਅਹਿੰਸਾ ਦੀਆਂ ਗੱਲਾਂ ਕਰਦੇ ਹਨ, ਕੇਵਲ ਗ਼ੁਲਾਮ ਲੋਕ ਹੀ, ਜਿਹੜੇ ਵਿਚਾਰੇ ਕੁੱਝ ਨਹੀਂ ਕਰ ਸਕਦੇ, ਕਬੂਤਰ ਸਮਾਨ ਬਿੱਲੀ ਨੂੰ ਵੇਖ ਕੇ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ ਤੇ ਇਹ ਸਮਝਦੇ ਹਨ ਕਿ ਖ਼ਤਰਾ ਟਲ ਗਿਆ ਹੈ।’’ ਉਸ ਨੇ ਸਿੱਖਾਂ ਨੂੰ ਆਪਣੇ ਆਤਮਕ ਸੋਮਿਆਂ ਨਾਲ ਜੋੜ ਦਿੱਤਾ ਅਤੇ ਉਨ੍ਹਾਂ ਦੀ ਚੇਤਨਾ ਨੂੰ ਗੁਰੂ-ਨੇੜਤਾ ਦੇ ਜਜ਼ਬੇ ਨਾਲ ਇਸ ਕਦਰ ਭਖਾ ਦਿੱਤਾ, ਕਿ ਉਨ੍ਹਾਂ ਅੰਦਰ ਇਕ ਸਜੀਵ ਪ੍ਰੇਰਣਾ ਉਛਾਲੇ ਮਾਰਨ ਲੱਗੀ। ਉਸ ਨੇ ਸਿੱਖਾਂ ਦੇ ਮਨਾਂ ਅੰਦਰ ਉੱਗੇ ਸ਼ੰਕਿਆਂ ਤੇ ਸੰਸਿਆਂ ਦੇ ਸਾਰੇ ਝਾੜ ਬੂਟ ਪੁੱਟ ਕੇ ਬਾਹਰ ਵਗਾਹ ਮਾਰੇ, ਉਨ੍ਹਾਂ ਦੇ ਹਿਰਦਿਆਂ ਅੰਦਰ ਜੰਮੀ ਹੀਣ-ਭਾਵਨਾ ਦੀ ਮੈਲ ਨੂੰ ਰਗੜ ਕੇ ਧੋ ਸੁੱਟਿਆ ਅਤੇ ਜ਼ਿਹਨੀ ਗ਼ੁਲਾਮੀ ਦੀਆਂ ਸਾਰੀਆਂ ਅਲ੍ਹਾਮਤਾਂ ਦਾ ਇਕ ਵਾਰ ਤਾਂ ਸਫ਼ਾਇਆ ਕਰ ਦਿੱਤਾ। ਇਸ ਤਰ੍ਹਾਂ ਉਸਨੇ ਦਿਨਾਂ ਦੇ ਅੰਦਰ ਹੀ ਸਿੱਖ ਕੌਮ ਨੂੰ ਬੀਰ-ਭਾਵੀ ਚੜ੍ਹਦੀ ਕਲਾ ਦੀ ਭਰਪੂਰ ਅਵਸਥਾ ਵਿਚ ਪਹੁੰਚਾ ਦਿੱਤਾ। ਹਰ ਨਾਮ-ਰੱਤਾ ਸਿੱਖ ਇਕ ਸੈਨਾ ਦਾ ਰੂਪ ਧਾਰਨ ਕਰ ਗਿਆ। ਉਹ ਬੀਰ-ਪੁਰਸ਼ ਬਣ ਗਿਆ। ਇਸ ਤਰ੍ਹਾਂ, ਉਸ ਨੇ ਪ੍ਰੋ: ਪੂਰਨ ਸਿੰਘ ਦੀ ਕਹੀ ਹੋਈ ਇਹ ਗੱਲ ਸੱਚ ਕਰ ਦਿਖਾਈ ਕਿ ‘‘ਸਿੱਖ ਤਾਂ ਗੁਰੂ ਅਤੇ ਵਾਹਿਗੁਰੂ ਦੀ ਖ਼ਾਤਰ ਲੜਨ ਲਈ ਬਣਿਆ ਹੈ।’’ ਸਿੱਖਾਂ ਦੀ ਆਤਮਕ ਚੇਤਨਾ ਨੂੰ ਉੱਚਾ ਉਠਾ ਕੇ ਹੀ ਇਹ ਕ੍ਰਿਸ਼ਮਾ ਸੰਭਵ ਹੋ ਸਕਿਆ। ਇਹ ਤੱਥ ਨਹੀਂ ਭੁੱਲਣਾ ਚਾਹੀਦਾ ਕਿ ਉਸ ਨੇ ਇਹ ਕਲਾ ਅਜੋਕੇ ਘੋਰ ਪਦਾਰਥਵਾਦ ਦੇ ਉਸ ਯੁਗ ਵਿਚ ਵਰਤਾਈ ਜਦੋਂ ਰੂਹਾਨੀ ਕਦਰਾਂ-ਕੀਮਤਾਂ ਨੂੰ ਵਿਆਪਕ ਪੱਧਰ ਉੱਤੇ ਖੋਰਾ ਲੱਗ ਚੁੱਕਾ ਹੈ ਅਤੇ ਮਾਦੀ ਤ੍ਰਿਸ਼ਨਾਵਾਂ ਦਾ ਕੋਈ ਓੜਕ ਬੰਨਾ ਨਹੀਂ ਰਿਹਾ।
ਇਤਰਾਜ਼ ਉੱਠ ਸਕਦਾ ਹੈ ਕਿ ਸੰਤ ਜਰਨੈਲ ਸਿੰਘ ਦੀਆਂ ਇਹ ਸੱਭੇ ਪ੍ਰਾਪਤੀਆਂ ਇਕ ਵਕਤੀ ਝਲਕਾਰਾ ਸਨ, ਜੋ ਇਤਿਹਾਸ ਅੰਦਰ ਆਪਣਾ ਕੋਈ ਵੀ ਚਿਰ-ਸਥਾਈ ਪ੍ਰਭਾਵ ਜਾਂ ਨਿਸ਼ਾਨ ਨਹੀਂ ਛੱਡ ਸਕੀਆਂ। ਥੋੜ੍ਹੇ ਹੀ ਸਾਲਾਂ ਬਾਅਦ ਸਥਿਤੀ ਫਿਰ ਜੈਸੀ ਦੀ ਤੈਸੀ ਜਾਂ ਉਸ ਨਾਲੋਂ ਵੀ ਬਦਤਰ ਬਣ ਗਈ ਹੈ। ਅਜਿਹਾ ਨਿਰਣਾ ਬਣਾਉਣ ਲੱਗਿਆਂ ਦੋ ਤੱਥਾਂ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾਣਾ ਚਾਹੀਦਾ। ਇਕ ਤਾਂ ਇਹ ਕਿ ਸੰਤ ਜਰਨੈਲ ਸਿੰਘ ਨੂੰ ਕੌਮ ਦੀ ਤਾਸੀਰ ਤੇ ਤਕਦੀਰ ਬਦਲਣ ਲਈ ਬਹੁਤ ਹੀ ਥੋੜ੍ਹਾ ਸਮਾਂ ਮਿਲਿਆ। ਉਸ ਦੇ ਸਰਗਰਮ ਇਨਕਲਾਬੀ ਜੀਵਨ ਦੀ ਅਉਧ ਬੜੀ ਛੋਟੀ ਸੀ। ਉਸ ਨੂੰ ਸਰਗਰਮ ਰਾਜਸੀ ਭੂਮਿਕਾ ਨਿਭਾਉਣ ਲਈ ਮੁਸ਼ਕਲ ਦੇ ਨਾਲ ਤਿੰਨ ਕੁ ਸਾਲ ਹੀ ਮਿਲੇ। 130 ਸਾਲਾਂ ਤੋਂ ਅਰੁਕ ਵਗਦੇ ਆ ਰਹੇ ਵਹਿਣ ਨੂੰ ਇੰਨੇ ਥੋੜ੍ਹੇ ਚਿਰ ਵਿਚ ਕਿੰਨਾ ਕੁ ਪੱਕਾ ਬੰਨ੍ਹ ਮਾਰਿਆ ਜਾ ਸਕਦਾ ਸੀ ? ਇਹ ਡੂੰਘਾ ਸੋਚਣ ਵਾਲਾ ਸਵਾਲ ਹੈ। ਦੂਜੀ ਗੱਲ, ਕੁਦਰਤ ਦੇ ਕਈ ਨਿਯਮ ਸਮਾਜੀ ਵਰਤਾਰਿਆਂ ਉੱਤੇ ਵੀ ਬਰਾਬਰ ਢੁਕਦੇ ਹਨ। ਕੋਈ ਅਥਲੀਟ (ਖਿਡਾਰੀ), ਕਿੰਨਾ ਵੀ ਕਲਾਧਾਰੀ ਕਿਉਂ ਨਾ ਹੋਵੇ, ਉਹ ਜਿੰਨੀ ਚਾਹੇ ਓਨੀ ਉੱਚੀ ਛਾਲ ਨਹੀਂ ਮਾਰ ਸਕਦਾ। ਧਰਤੀ ਦੀ ਖਿੱਚ ਦਾ ਨਿਯਮ ਉਸ ਦੀ ਛਾਲ ਦੀ ਸੀਮਾ ਮਿਥਦਾ ਹੈ, ਜਿਸ ਨੂੰ ਉਹ ਉਲੰਘ ਨਹੀਂ ਸਕਦਾ। ਇਵੇਂ ਹੀ, ਕੋਈ ਵੀ ਆਗੂ, ਉਹ ਕਿੰਨਾ ਵੀ ਸਮਰੱਥ ਕਿਉਂ ਨਾ ਹੋਵੇ, ਸਮਾਜ ਅਤੇ ਵਿਅਕਤੀਆਂ ਨੂੰ ਇਕ ਹੱਦ ਤਕ ਹੀ ਬਦਲ ਸਕਦਾ ਹੈ, ਸਿਰੇ ਦੀ ਹੱਕ ਤਕ ਨਹੀਂ। ਇਸ ਗੱਲ ਨੂੰ ਬਹੁਤ ਸਾਰੇ ਫ਼ੈਕਟਰ ਰਲ ਕੇ ਪ੍ਰਭਾਵਤ ਕਰਦੇ ਹਨ। ਚੀਜ਼ਾਂ, ਨਿਰਜਿੰਦ ਹੋਣ ਜਾਂ ਸਜੀਵ, ਹਮੇਸ਼ਾ ਆਪਣੀ ਪਹਿਲੀ ਅਵਸਥਾ ਵੱਲ ਮੁੜਨ ਦਾ ਝੁਕਾਅ ਪ੍ਰਗਟਾਉਂਦੀਆਂ ਹਨ, ਕੁਦਰਤੀ ਵਿਗਿਆਨ ਅੰਦਰ ਜਿਸ ਨੂੰ ‘ਸਿਥਲਤਾ ਜਾਂ ਦਲਿੱਦਰਤਾ ਦੇ ਸਿਧਾਂਤ ਦਾ ਨਾਉਂ ਦਿੱਤਾ ਗਿਆ ਹੈ। ਕਿਸੇ ਆਦਰਸ਼ ਦੀ ਪ੍ਰੇਰਣਾ ਮਨੁੱਖੀ ਜੀਵਾਂ ਉੱਤੇ ਇਕ ਖ਼ਾਸ ਸਮੇਂ ਤਕ, ਅਤੇ ਇਕ ਖ਼ਾਸ ਦਰਜੇ ਤਕ ਹੀ ਆਪਣਾ ਅਸਰ ਪ੍ਰਗਟਾ ਸਕਦੀ ਹੈ। ਜਿਵੇਂ ਸਮੁੰਦਰ ਦੀ ਹਰ ਲਹਿਰ ਦਾ ਕੰਢੇ ’ਤੇ ਜਾ ਕੇ ਦਮ ਤੋੜ ਜਾਣਾ ਨਿਸਚਿਤ ਹੁੰਦਾ ਹੈ, ਜਿਸ ਤਰ੍ਹਾਂ ਹਰ ਤੂਫ਼ਾਨ ਨੇ ਇਕ ਮੌਕੇ ’ਤੇ ਜਾ ਕੇ ਲਾਜ਼ਮੀ ਸ਼ਾਂਤ ਹੋ ਜਾਣਾ ਹੁੰਦਾ ਹੈ, ਜਿਵੇਂ ਰਬੜ ਦੀ ਖਿੱਚ ਕੇ ਰੱਖੀ ਹੋਈ ਡੋਰੀ ਨੇ ਛੱਡਣ ਉਪਰੰਤ ਪੂਰੇ ਜ਼ੋਰ ਨਾਲ ਆਪਣੀ ਪਹਿਲਾਂ ਦੀ ਪੋਜ਼ੀਸ਼ਨ ਵਿਚ ਪਰਤ ਜਾਣਾ ਹੁੰਦਾ ਹੈ, ਇਵੇਂ ਹੀ ਹਰ ਸਮਾਜੀ ਉਥਲ-ਪੁਥਲ ਤੋਂ ਬਾਅਦ ਕੁੱਝ ਹੱਦ ਤਕ ਪੁੱਠਾ ਅਮਲ ਗਿੜਨਾ ਲਗਭਗ ਨਿਸਚਿਤ ਹੁੰਦਾ ਹੈ।8 ਉਲਟ-ਇਨਕਲਾਬ ਹਮੇਸ਼ਾ ਹੀ ਇਨਕਲਾਬ ਦਾ ਪਰਛਾਵੇਂ ਵਾਂਗ ਪਿੱਛਾ ਕਰ ਰਿਹਾ ਹੁੰਦਾ ਹੈ। ਕੋਈ ‘ਬਾਦਲ’ ਹਮੇਸ਼ਾ ਹੀ ਕਿਸੇ ‘ਭਿੰਡਰਾਂਵਾਲੇ’ ਦੀਆਂ ਅੱਡੀਆਂ ਦਬਦਾ ਆ ਰਿਹਾ ਹੁੰਦਾ ਹੈ। ਇਸ ਨੂੰ ਕੁਦਰਤ ਤੇ ਸਮਾਜ ਦਾ ਅਟੱਲ ਨਿਯਮ ਹੀ ਮੰਨ ਲੈਣਾ ਚਾਹੀਦਾ ਹੈ। ਪਰ ਨਾਲ ਹੀ ਇਹ ਸਚਾਈ ਵੀ ਨਹੀਂ ਭੁੱਲਣੀ ਚਾਹੀਦੀ ਕਿ ‘‘ਵਿਅਕਤੀ ਹੋਣ ਜਾਂ ਸੰਸਥਾਵਾਂ, ਉਹ ਇਨਕਲਾਬ ਦੇ ਸੇਕ ਤੋਂ ਪੂਰੀ ਤਰ੍ਹਾਂ ਸੁੱਕੇ ਨਹੀਂ ਬਚੇ ਰਹਿੰਦੇ।’’ ਹਰ ਇਨਕਲਾਬੀ ਲਹਿਰ ਵਿਅਕਤੀਆਂ ਤੇ ਸਥਿਤੀਆਂ ਅੰਦਰ ਕੁੱਝ ਨਾ ਕੁੱਝ ਸਥਾਈ ਬਦਲਾਉ ਜ਼ਰੂਰ ਲਿਆਉਂਦੀ ਹੈ। ਜੋ ਮਰਜ਼ੀ ਹੋ ਜਾਵੇ, ਸਿੱਖ ਕੌਮ ਦੀ ਜੋ ਸਥਿਤੀ, ਅੰਤਰਮੁਖੀ ਵੀ ਅਤੇ ਬਾਹਰਮੁਖੀ ਵੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਪਹਿਲਾਂ ਸੀ, ਉਹ ਹੂ-ਬ-ਹੂ ਉਵੇਂ ਨਹੀਂ ਬਣੀ ਰਹਿ ਸਕਦੀ। ਇਹ ਗੱਲ ਵੀ ਪੱਕੀ ਹੈ ਕਿ ਭਵਿੱਖ ਅੰਦਰ ਜਦੋਂ ਵੀ ਕਦੇ ਸਿੱਖ ਕੌਮ ਉੱਤੇ ਵੱਡੀਆਂ ਭੀੜਾਂ ਆਣ ਪੈਣਗੀਆਂ ਤਾਂ ਸਿੱਖਾਂ ਦੇ ਮਨਾਂ ਅੰਦਰ ਆਪਣੇ ਇਸ ਅਦੁੱਤੀ ‘ਜਰਨੈਲ’ ਪ੍ਰਤਿ ਆਪ-ਮੁਹਾਰੇ ਪਿਆਰ ਦੇ ਚਸ਼ਮੇ ਵਗ ਤੁਰਨਗੇ। ਉਸ ਵੇਲੇ ਕੌਮ ਇਕੱਠੀ ਹੋ ਕੇ ‘ਭਿੰਡਰਾਂਵਾਲੇ’ ਨੂੰ ਆਵਾਜ਼ਾਂ ਮਾਰੇਗੀ !
ਆਮੀਨ !
ਪਾਠਕਾਂ ਦੇ ਧਿਆਨ ਹਿੱਤ: ਇਹ ਲੇਖ ਸ. ਅਜਮੇਰ ਸਿੰਘ ਦੀ ਨਵੀਂ ਛਪੀ ਪੁਸਤਕ ‘ਕਿਸ ਬਿਧ ਰੁਲੀ ਪਾਤਿਸ਼ਾਹੀ (ਸਿੱਖ ਰਾਜਨੀਤੀ ਦਾ ਦੁਖਾਂਤ) ਵਿਚੋਂ ਲਿਆ ਗਿਆ ਹੈ।