Tuesday, April 8, 2008

ਨੌਜਵਾਨਾਂ ਨੂੰ ਆਪਣੀ ਜਿਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ ਹੈ - ਭਾਈ ਦਲਜੀਤ ਸਿੰਘ

ਪਟਿਆਲਾ (04 ਅਪ੍ਰੈਲ, 2008) ਨੌਜਵਾਨ ਕੌਮ ਦੇ ਭਵਿੱਖ ਦੀ ਆਸ ਹਨ। ਮੌਜ਼ੂਦਾ ਸਮੇਂ ਵਿੱਚ ਜਿਸ ਤਰ੍ਹਾਂ ਦੀਆਂ ਵੰਗਾਰਾਂ ਸਾਡੀ ਕੌਮ ਦੇ ਸਨਮੁਖ ਹਨ ਉਹਨਾਂ ਦਾ ਸਾਹਮਣਾ ਕਰਨ ਲਈ ਨੌਜਵਾਨਾਂ ਨੂੰ ਗਿਆਨ, ਜਜ਼ਬੇ ਅਤੇ ਆਤਮਵਿਸ਼ਵਾਸ ਨਾਲ ਲੈਸ ਹੋ ਕੇ ਗੁਰੂ ਆਸ਼ੇ ਮੁਤਾਬਿਕ ਚੱਲਣ ਦੀ ਸਖ਼ਤ ਜ਼ਰੂਰਤ ਹੈ। ਇਹ ਵਿਚਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਿਛਲੇ ਦਿਨੀਂ ਪਟਿਆਲਾ ਵਿਖੇ ਕਰਵਾਏ ਗਏ ਨੌਜਵਾਨ ਚੇਤਨਾ ਕੈਂਪ ਮੌਕੇ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਨੌਜਵਾਨਾਂ ਨਾਲ ਸਾਂਝੇ ਕੀਤੇ ਗਏ। ਜਿ਼ਕਰਯੋਗ ਹੈ ਕਿ ਭਾਈ ਦਲਜੀਤ ਸਿੰਘ ਨੇ ਖ਼ਾੜਕੂ ਸਿੱਖ ਸੰਘਰਸ਼ ਦੌਰਾਨ ਫੈਡਰੇਸ਼ਨ ਦੀ ਅਗਵਾਈ ਕੀਤੀ ਸੀ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਹੀ ਫੈਡਰੇਸ਼ਨ 2002 ਵਿੱਚ ਪੁਨਰਗਠਤ ਹੋ ਸਕੀ। ਭਾਈ ਦਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਵਿੱਚ ਕਿਸੇ ਵੀ ਸਮੱਸਿਆ ਨੂੰ ਸਮਝਣ ਅਤੇ ਉਸ ਦੇ ਠੋਸ ਹੱਲ ਉਲੀਕਣ ਦੀ ਵਧੇਰੇ ਸਮਝ ਅਤੇ ਸਮਰੱਥਾ ਹੁੰਦੀ ਹੈ। ਮਨੁੱਖੀ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਗਿਆਨਵਾਨ ਅਤੇ ਕੌਮੀ ਜਜ਼ਬੇ ਨਾਲ ਲੈਸ ਨੌਜਵਾਨ ਹੀ ਕੌਮਾਂ ਦੇ ਭਵਿੱਖ ਦੀ ਦਿਸ਼ਾ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੀ ਕੌਮ ਅੱਗੇ ਵੱਡੀਆਂ ਵੰਗਾਰਾਂ ਹਨ। ਮੌਜ਼ੂਦਾ ਰਾਜਨੀਤਕ ਤਾਣੇ-ਬਾਣੇ ਵਿੱਚ ਸਾਡੀ ਬੋਲੀ ਅਤੇ ਸਾਡੇ ਸੱਭਿਆਚਾਰ ਉੱਪਰ ਗੰਭੀਰ ਹਮਲੇ ਹੋ ਰਹੇ ਹਨ। ਸਾਡੇ ਕੁਦਰਤੀ ਸਾਧਨ ਦੇਰ ਤੋਂ ਧੱਕੇ ਨਾਲ ਲੁੱਟੇ ਜਾ ਰਹੇ ਹਨ। ਸਾਡੇ ਵਾਤਾਵਰਣ ਵਿੱਚ ਵੱਡੇ ਵਿਗਾੜ ਪੈਦਾ ਹੋ ਰਹੇ ਹਨ। ਦੂਸਰੇ ਪਾਸੇ ਸਾਡੀ ਹੋਂਦ ਨੂੰ ਮੇਸਣ ਦੇ ਲਗਾਤਾਰ ਯਤਨ ਹੋ ਰਹੇ ਹਨ। ਸਾਡੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਮੀਡੀਆ ਸਾਡੇ ਅਕਸ ਉੱਪਰ ਲਗਾਤਾਰ ਹਮਲੇ ਕਰ ਰਿਹਾ ਹੈ। ਸਿੱਖੀ ਸਰੂਪ ਪ੍ਰਤੀ ਹੀਣਤਾ ਅਤੇ ਨਫਰਤ ਫੈਲਾਈ ਜਾ ਰਹੀ ਹੈ। ਜਿੱਥੇ ਅੱਜ ਪੰਜਾਬ ਅੰਦਰ ਸਿੱਖਿਆ ਦਾ ਮੁੱਢਲਾ ਢਾਂਚਾ ਹੀ ਅੱਜ ਢਹਿ-ਢੇਰੀ ਹੋਣ ਕਿਨਾਰੇ ਹੈ, ਓਥੇ ਅੱਜ ਜੋ ਸਿੱਖਿਆ ਦਿੱਤੀ ਵੀ ਜਾ ਰਹੀ ਹੈ ਉਹ ਆਦਰਸ਼ਾਂ ਤੋਂ ਸੱਖਣੀ ਹੈ। ਨੌਜਵਾਨਾਂ ਵਿੱਚ ਨਸ਼ੇ ਖ਼ਤਰੇ ਦੀ ਹੱਦ ਤੱਕ ਫੈਲ ਚੁੱਕੇ ਹਨ।

ਉਨ੍ਹਾਂ ਚਿੰਤਾ ਜਤਾਈ ਕਿ ਸਿੱਖੀ ਸਰੂਪ, ਜਿਸ ਨੂੰ ਜਿੰਦਗੀ ਦੇ ਹਰੇਕ ਖੇਤਰ ਵਿੱਚ ਅਗਵਾਈ ਕਰਨੀ ਚਾਹੀਦੀ ਹੈ, ਉਸ ਨੂੰ ਸਾਡੇ ਨੌਜਵਾਨ ਤਿਆਗ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤਾਂ ਵਿੱਚ ਸਾਨੂੰ ਆਪਣੇ ਆਪ ਤੋਂ ਜ਼ਵਾਬ-ਤਲਬੀ ਕਰਨੀ ਚਾਹੀਦੀ ਹੈ ਕਿ ਸਾਡਾ ਸਿਧਾਂਤ, ਸਾਡਾ ਵਿਰਸਾ, ਸਾਡਾ ਸ਼ਾਨਾਂਮੱਤਾ ਇਤਿਹਾਸ ਅਤੇ ਸਾਡੇ ਗੁਰੂ ਸਾਹਿਬਾਨ ਸਾਨੂੰ ਕਿਸ ਰਸਤੇ ਤੋਰ ਕੇ ਗਏ ਸਨ ਅਤੇ ਅੱਜ ਅਸੀਂ ਕਿੱਥੇ ਖੜ੍ਹੇ ਹਾਂ? ਕੀ ਅਸੀਂ ਆਪਣੇ ਆਪ ਪ੍ਰਤੀ, ਸਮਾਜ ਪ੍ਰਤੀ, ਮਨੁੱਖਤਾ ਪ੍ਰਤੀ, ਕਾਇਨਾਤ ਅਤੇ ਗੁਰੂ ਪ੍ਰਤੀ ਖ਼ੁਦ ਨੂੰ ਜਵਾਬਦੇਹ ਮਹਿਸੂਸ ਕਰਦੇ ਹਾਂ? ਉਨ੍ਹਾਂ ਕਿਹਾ ਨੌਜਵਾਨਾਂ ਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਗੁਰਬਾਣੀ ਅਤੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਕੌਮੀ ਸੋਝੀ ਵਿਕਸਤ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

Source: http://www.sikhstudentsfederation.com

No comments:

Post a Comment