ਨਵੀਂ ਦਿੱਲੀ (4 ਫਰਵਰੀ, 2013):
ਸਿੱਖ ਵਿਰੋਧੀ ਕਤਲੇਆਮ ਦੇ ਮੁੱਖ ਮੁਲਜ਼ਮ ਕਾਂਗਰਸ ਆਗੂ ਸੱਜਣ ਕੁਮਾਰ ਅਤੇ ਪੰਜ ਹੋਰਨਾਂ ਖ਼ਿਲਾਫ਼ ਜਿਰ੍ਹਾ ਦੀ ਕਾਰਵਾਈ ਅੱਜ ਪੂਰੀ ਹੋ ਗਈ ਹੈ। ਇਸ ਦੌਰਾਨ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਅਤੇ ਮੁੱਖ ਗਵਾਹਾਂ ਦੇ ਵਿਚਾਰ ਬਾਰੇ ਕਿੰਤੂ ਕੀਤੇ ਅਤੇ ਉਨ੍ਹਾਂ ‘ਤੇ ਵਾਰ-ਵਾਰ ਆਪਣਾ ਸਟੈਂਡ ਬਦਲਣ ਦੇ ਦੋਸ਼ ਲਾਏ। ਸੀਬੀਆਈ ਨੇ ਪਿਛਲੇ ਸਾਲ 31 ਮਾਰਚ ਨੂੰ ਕੇਸ ਵਿਚ ਅੰਤਿਮ ਜਿਰ੍ਹਾ ਦੀ ਕਾਰਵਾਈ ਸ਼ੁਰੂ ਕੀਤੀ ਸੀ। ਦਿੱਲੀ ਹਾਈ ਕੋਰਟ ਨੇ ਫਰਵਰੀ 2010 ਵਿਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਸਾਰੇ ਬਕਾਇਆ ਕੇਸਾਂ ਦੇ ਤੇਜ਼ੀ ਨਾਲ ਨਿਬੇੜੇ ਦੇ ਹੁਕਮ ਦਿੱਤੇ ਸਨ। ਹਾਈ ਕੋਰਟ ਨੇ ਇਹ ਵੀ ਆਖਿਆ ਸੀ ਕਿ ਇਨ੍ਹਾਂ ਕੇਸਾਂ ਦੀ ਹੇਠਲੀਆਂ ਅਦਾਲਤਾਂ ‘ਚ ਕਾਰਵਾਈ ਛੇ ਮਹੀਨਿਆਂ ਵਿਚ ਪੂਰੀ ਕੀਤੀ ਜਾਵੇ। ਸੱਜਣ ਕੁਮਾਰ ਅਤੇ ਹੋਰਨਾਂ ਮੁਲਜ਼ਮਾਂ ਦੀ ਤਰਫੋਂ ਪੇਸ਼ ਹੋਏ ਐਡਵੋਕੇਟ ਅਨਿਲ ਸ਼ਰਮਾ ਨੇ ਜ਼ਿਲ੍ਹਾ ਜੱਜ ਜੇ ਆਰ ਆਰੀਅਨ ਨੂੰ ਦੱਸਿਆ ਕਿ ਇਹ ਕੇਸ ਤੱਥਾਂ ‘ਤੇ ਆਧਾਰਤ ਨਾ ਹੋਣ ਕਰਕੇ ਇਹ ਕਾਨੂੰਨੀ ਨਜ਼ਰ ਤੋਂ ਟਿਕਾਊ ਵੀ ਨਹੀਂ ਹੈ।
No comments:
Post a Comment