Wednesday, February 20, 2013

ਮੱਧ ਪ੍ਰਦੇਸ਼ ‘ਚ ਸਿੱਖਾਂ ‘ਤੇ ਧਰਮ ਛੱਡਣ ਲਈ ਕੀਤੇ ਜਾ ਰਹੇ ਨੇ ਅੱਤਿਆਚਾਰ


  •  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ
ਚੰਡੀਗੜ੍ਹ, 18 ਫ਼ਰਵਰੀ
ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਅਸ਼ੋਕਨਗਰ ਦੇ ਪਿੰਡਾਂ ਵਿਚ ਅਖੌਤੀ ਉਚ ਜਾਤੀ ਲੋਕਾਂ ਵਲੋਂ ਗਰੀਬ ਸਿੱਖਾਂ ‘ਤੇ ਅਣਮਨੁੱਖੀ ਅੱਤਿਆਚਾਰ ਕੀਤੇ ਜਾ ਰਹੇ ਹਨ। ਇਨ੍ਹਾਂ ਸਿੱਖ ਭਾਈਚਾਰੇ ਦੇ ਲੋਕਾਂ ਦੇ ਖੇਤਾਂ ਦਾ ਪਾਣੀ ਤੱਕ ਰੋਕਿਆ ਜਾ ਰਿਹਾ ਹੈ ਅਤੇ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਉਨ੍ਹਾਂ ਨੇ ਖੇਤਾਂ ਨੂੰ ਪਾਣੀ ਲਗਾਉਣਾ ਹੈ ਤਾਂ ਕੇਸ-ਦਾੜ੍ਹੀ ਕਤਲ ਕਰਵਾ ਲੈਣ। ਇਹ ਖੁਲਾਸਾ ਅੱਜ ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰਮੁਹੰਮਦ ਅਤੇ ਲਾਇਰਸ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਨ ਦੇ ਚੰਡੀਗੜ੍ਹ ਇਕਾਈ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਸੂਦਨ ਨੇ ਸਾਂਝੇ ਤੌਰ ‘ਤੇ ਕੀਤਾ ਹੈ। ਉਨ੍ਹਾਂ ਨੇ ਇਸ ਸਬੰਧੀ ਇਕ ਵਿਸਥਾਰਿਤ ਸ਼ਿਕਾਇਤ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜ ਕੇ ਮੱਧ ਪ੍ਰਦੇਸ਼ ਵਿਚ ਉਚ ਜਾਤੀ ਦੇ ਲੋਕਾਂ ਵਲੋਂ ਗਰੀਬ ਸਿੱਖਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰ ਦੀ ਉਚ ਪੱਧਰੀ ਜਾਂਚ ਕਰਵਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਸ. ਪੀਰਮੁਹੰਮਦ ਅਤੇ ਐਡਵੋਕੇਟ ਸੂਦਨ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿਚ ਅਖੌਤੀ ਉਚ ਜਾਤੀ ਦੇ ਲੋਕਾਂ ਵਲੋਂ ਅਖੌਤੀ ਸ਼ੂਦਰ ਆਖੀਆਂ ਜਾਣ ਵਾਲੀਆਂ ਜਾਤੀਆਂ ਨਾਲ ਸਬੰਧਤ ਅੰਮ੍ਰਿਤਧਾਰੀ ਸਿੰਘ ਸਜੇ ਲੋਕਾਂ ਨੂੰ ਪਹਿਲਾਂ ਸਿੱਖ ਧਰਮ ਛੱਡਣ ਲਈ ਹਰ ਤਰ੍ਹਾਂ ਦੇ ਲੋਭ-ਲਾਲਚ ਦਿੱਤੇ ਜਾ ਰਹੇ ਹਨ ਅਤੇ ਫ਼ਿਰ ਪੁਲਿਸ ਪ੍ਰਸ਼ਾਸਨ ਅਤੇ ਸੱਤਾਧਾਰੀ ਸਿਆਸੀ ਆਗੂਆਂ ਦੀ ਮਦਦ ਨਾਲ ਉਨ੍ਹਾਂ ਨੂੰ ਸਿੱਖ ਧਰਮ ਛੱਡਣ ਲਈ ਡਰਾਵੇ ਅਤੇ ਧਮਕੀਆਂ ਦਿੱਤੀਆਂ ਜਾਂਦੀਆਂ ਅਤੇ ਅੱਤਿਆਚਾਰਾਂ ਦੇ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਮੱਧ-ਪ੍ਰਦੇਸ਼ ਦਾ ਇਕ ਅੰਮ੍ਰਿਤਧਾਰੀ ਪਰਵਾਰ
ਮੱਧ-ਪ੍ਰਦੇਸ਼ ਦਾ ਇਕ ਅੰਮ੍ਰਿਤਧਾਰੀ ਪਰਵਾਰ
ਅਜਿਹੀ ਇਕ ਘਟਨਾ ਸ਼ੁੱਕਰਵਾਰ 15 ਫ਼ਰਵਰੀ ਨੂੰ ਮੱਧ ਪ੍ਰਦੇਸ਼ ਦੇ ਪਿੰਡ ਮਥਾਣਾ, ਥਾਣਾ ਬਹਾਦਰਪੁਰ, ਤਹਿਸੀਲ ਮੰਗੋਲੀ, ਜ਼ਿਲ੍ਹਾ ਅਸ਼ੋਕਨਗਰ ਵਿਖੇ ਵਾਪਰੀ ਹੈ। ਨੀਲਮ ਸਿੰਘ ਪੁੱਤਰ ਪੰਨੂ ਸਿੰਘ ਅਤੇ ਨੀਲਮ ਸਿੰਘ ਦੀ ਪਤਨੀ ਸਵਿਤਾ ਕੌਰ ਦੀ ਪਿੰਡ ਦੇ ਉਚ ਜਾਤੀ ਦੇ ਯਾਦਵਾਂ ਵਲੋਂ ਉਨ੍ਹਾਂ ਦੇ ਘਰ ‘ਤੇ ਹਮਲਾ ਕਰਕੇ ਕੁੱਟਮਾਰ ਕੀਤੀ ਗਈ ਅਤੇ ਸਿੱਖ ਧਰਮ ਛੱਡਣ ਜਾਂ ਜਾਨ-ਮਾਲ ਦੇ ਨੁਕਸਾਨ ਲਈ ਤਿਆਰ ਰਹਿਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਹਮਲਾਵਰਾਂ ਵਲੋਂ ਸਾਰਾ ਦਿਨ ਸੜਕ ‘ਤੇ ਆਪਣੇ ਹਥਿਆਰਬੰਦ ਸਾਥੀਆਂ ਸਮੇਤ ਨਾਕਾ ਲਗਾ ਕੇ ਪੀੜਤ ਪਤੀ-ਪਤਨੀ ਨੂੰ ਸ਼ਿਕਾਇਤ ਲੈ ਕੇ ਥਾਣੇ ਵੀ ਨਹੀਂ ਜਾਣ ਦਿੱਤਾ ਗਿਆ।
ਸ. ਪੀਰਮੁਹੰਮਦ ਅਤੇ ਐਡਵੋਕੇਟ ਸੂਦਨ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਇਲਾਕੇ ਦੇ ਕੁਝ ਸਿੱਖ ਪਤਵੰਤੇ ਪੁਲਿਸ ਥਾਣਾ ਬਹਾਦਰਪੁਰ ਵਿਖੇ ਨੀਲਮ ਸਿੰਘ ਅਤੇ ਉਸ ਦੀ ਪਤਨੀ ਸਵਿਤਾ ਕੌਰ ਨਾਲ ਪਿੰਡ ਦੇ ਯਾਦਵਾਂ ਵਲੋਂ ਕੀਤੀ ਕੁੱਟਮਾਰ ਦੀ ਸ਼ਿਕਾਇਤ ਲੈ ਕੇ ਗਏ ਤਾਂ ਪੁਲਿਸ ਦੇ ਥਾਣੇਦਾਰ, ਜਿਹੜਾ ਖੁਦ ਯਾਦਵ ਹੋਣ ਕਰਕੇ ਦੋਸ਼ੀ ਯਾਦਵਾਂ ਦੀ ਮਦਦ ਕਰ ਰਿਹਾ ਸੀ, ਨੇ ਉਲਟਾ ਦੋ ਸਿੱਖਾਂ, ਅਵਤਾਰ ਸਿੰਘ ਅਤੇ ਗੰਗਾ ਸਿੰਘ, ਜੋ ਮਥਾਣਾ ਪਿੰਡ ਦੇ ਹੀ ਰਹਿਣ ਵਾਲੇ ਹਨ, ਨੂੰ ਹੀ ਗ੍ਰਿਫ਼ਤਾਰ ਕਰ ਲਿਆ ਜੋ ਬਾਅਦ ਵਿਚ ਸਿੱਖ ਆਗੂਆਂ ਦੇ ਦਖ਼ਲ ਨਾਲ ਰਿਹਾਅ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਅਖੌਤੀ ਉਚ ਜਾਤੀ ਦੇ ਲੋਕਾਂ ਵਲੋਂ ਗਰੀਬ ਸਿੱਖਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰ ਵਿਚ ਪੁਲਿਸ ਪ੍ਰਸ਼ਾਸਨ ਅਤੇ ਹਲਕੇ ਦੇ ਸਿਆਸੀ ਨੁਮਾਇੰਦਿਆਂ ਦੀ ਵੀ ਪੂਰੀ ਮਿਲੀਭੁਗਤ ਅਤੇ ਸਰਪ੍ਰਸਤੀ ਹੈ।
ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੇ ਪੱਤਰ ਵਿਚ ਇਸ ਘਟਨਾ ਨੂੰ ਭਾਰਤ ਵਰਗੇ ਲੋਕਤੰਤਰੀ ਦੇਸ਼ ਅੰਦਰ ਮਨੁੱਖ ਦੇ ਜੀਊਣ ਦੇ ਬੁਨਿਆਦੀ ਅਧਿਕਾਰਾਂ ਅਤੇ ਧਰਮ ਦੀ ਆਜ਼ਾਦੀ ਦਾ ਘਾਣ ਕਰਾਰ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਤੁਰੰਤ ਇਸ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਅਪੀਲ ਅਤੇ ਸਿੱਖਾਂ ਦੀ ਨੁਮਾਇੰਦਾ ਹੋਣ ਦਾ ਦਾਅਵਾ ਕਰਨ ਵਾਲੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਉਹ ਆਪਣੀ ਸਿਆਸੀ ਭਾਈਵਾਲ ਭਾਜਪਾ ਦੀ ਮੱਧ ਪ੍ਰਦੇਸ਼ ਵਿਚਲੀ ਸਰਕਾਰ ਨਾਲ ਤੁਰੰਤ ਗੱਲਬਾਤ ਕਰਕੇ ਯਾਦਵਾਂ ਵਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਜ਼ੁਲਮ ਨੂੰ ਰੁਕਵਾਉਣ ਅਤੇ ਸਿੱਖਾਂ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।

Visit Source: ਮੱਧ ਪ੍ਰਦੇਸ਼ ‘ਚ ਸਿੱਖਾਂ ‘ਤੇ ਧਰਮ ਛੱਡਣ ਲਈ ਕੀਤੇ ਜਾ ਰਹੇ ਨੇ ਅੱਤਿਆਚਾਰ

No comments:

Post a Comment