ਪਟਿਆਲਾ (14 ਅਕਤੂਬਰ, 2009) ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪੰਜਾਬੀ ਯੂਨੀਵਰਸਿਟੀ ਕੈਂਪਸ ਇਕਾਈ ਦੇ ਜਥੇਬੰਦਕ ਢਾਂਚੇ ਦਾ ਐਲਾਨ ਅੱਜ ਯੂਨੀਵਰਸਿਟੀ ਦੇ ‘ਓਪਨ ਏਅਰ ਥੀਏਟਰ’ ਵਿਖੇ ਸੈਂਕੜੇ ਫੈਡਰੇਸ਼ਨ ਮੈਂਬਰਾਂ ਅਤੇ ਕੌਮੀ ਆਗੂਆਂ ਦੀ ਮੌਜ਼ੂਦਗੀ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਕਰ ਦਿੱਤਾ ਗਿਆ। ਇਸ ਮੌਕੇ ਭਾਈ ਦਲਬੀਰ ਸਿੰਘ ਨੂੰ ਪ੍ਰਧਾਨ, ਜਗਰੂਪ ਸਿੰਘ ਨੂੰ ਜਨਰਲ ਸਕੱਤਰ, ਅਵੀਕਲ ਗੋਇਲ ਤੇ ਭਗਤ ਸਿੰਘ ਦੋਵਾਂ ਨੂੰ ਮੀਤ ਪ੍ਰਧਾਨ, ਗੁਰਦੀਪ ਸਿੰਘ ਨੂੰ ਪ੍ਰੈਸ ਸਕੱਤਰ, ਕਮਲਜੀਤ ਸਿੰਘ ਨੂੰ ਵਿੱਤ ਸਕੱਤਰ, ਪਰਵਿੰਦਰ ਸਿੰਘ ਨੂੰ ਪ੍ਰਚਾਰ ਸਕੱਤਰ, ਜਰਮਨ ਸਿੰਘ ਤੇ ਅਕਾਸ਼ਦੀਪ ਸਿੰਘ ਦੋਵਾਂ ਨੂੰ ਜਥੇਬੰਦਕ ਸਕੱਤਰ ਅਤੇ ਸੰਦੀਪ ਸਿੰਘ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ।
ਇਸ ਤੋਂ ਪਹਿਲਾਂ ਅੱਜ ਫੈਡਰੇਸ਼ਨ ਦੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਭਾਈ ਸੁਰਜੀਤ ਸਿੰਘ ਗੋਪੀਪੁਰ ਨੇ ਜਥੇਬੰਦੀ ਦੇ ਸੰਵਿਧਾਨ ਦੀ ਪਾਲਣਾ ਕਰਦਿਆਂ ਆਪਣੀ ਅਹੁਦੇਦਾਰੀ ਤੋਂ ਅਸਤੀਫਾ ਦੇ ਦਿੱਤਾ। ਇਸ ਮੌਕੇ ਉਚੇਚੇ ਤੌਰ ਉੱਤੇ ਪਹੁੰਚੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਫੈਡੇਰਸ਼ਨ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬੱਤ ਦੇ ਭਲੇ ਵਾਲੀ ਵਿਚਾਰਧਾਰਾ ਨੂੰ ਸੰਸਾਰ ਵਿੱਚ ਫੈਲਾਉਣ ਦੀ ਮੁੱਖ ਜਿੰਮੇਵਾਰੀ ਨੌਜਵਾਨ ਵਿਦਿਆਰਥੀਆਂ ਦੀ ਬਣਦੀ ਹੈ, ਜਿਸ ਲਈ ਉਨ੍ਹਾਂ ਨੂੰ ਆਪਣੇ ਵਿੱਚ ਢੁਕਵੀਂ ਸਮਰੱਥਾ ਪੈਦਾ ਕਰਨੀ ਚਾਹੀਦੀ ਹੈ। ਫੈਡੇਰਸ਼ਨ ਦੇ ਕੌਮੀ ਮੀਤ ਪ੍ਰਧਾਨ ਭਾਈ ਮੱਖਣ ਸਿੰਘ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਪੰਜਾਬ ਦੀ ਧਰਤੀ ‘ਤੇ ਉਜਾਗਰ ਕੀਤੇ ਗਿਆਨ ਪ੍ਰਬੰਧ ਨੂੰ ਸਮਝ ਕੇ ਹਲੇਮੀ ਰਾਜ ਪ੍ਰਬੰਧ ਦੀ ਸਿਰਜਣਾ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਵਿੱਚ ਕੇਸਾਂ ਅਤੇ ਦਸਤਾਰ ਦੀ ਮਹੱਤਤਾ ਨੂੰ ਦ੍ਰਿੜ ਕਰਵਾਉਣ ਦੇ ਉਦੇਸ਼ ਹਿੱਤ ‘ਸਾਬਤ ਸੂਰਤਿ ਦਸਤਾਰ ਸਿਰਾ’ ਸਿਰਲੇਖ ਵਾਲੀ ਭਾਵ ਪੂਰਤ ਸੀ. ਡੀ ਦੀਆਂ ਕਾਪੀਆਂ ਵੰਡੀਆਂ ਗਈਆਂ।
No comments:
Post a Comment