ਸੇਵਾ ਵਿਖੇ,
ਰਾਸ਼ਟਰਪਤੀ ਭਾਰਤ,
ਰਾਸ਼ਟਰਪਤੀ ਭਵਨ,
ਦਿੱਲੀ।
ਵਿਸ਼ਾ: ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ’ਤੇ ਹੋਈ ਇਨਸਾਨੀਅਤ ਤੋਂ ਗਿਰੀ ਫੌਜੀ ਕਾਰਵਾਈ ਵਿਰੁੱਧ ਰੋਸ ਵਜੋਂ ‘‘ਪਦਮ ਸ਼੍ਰੀ’’ ਐਵਾਰਡ ਦਾ ਮੋੜਿਆ ਜਾਣਾ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੌਜ ਨੂੰ ਕਾਰਵਾਈ ਲਈ ਭੇਜਿਆ ਜਾਣਾ ਕਿੰਨੇ ਹੀ ਦੁਖਦਾਈ ਨਤੀਜੇ ਪੈਦਾ ਕਰ ਚੁੱਕਾ ਹੈ। ਉਸ ਫੌਜੀ ਕਾਰਵਾਈ ਦੇ ਨਤੀਜਿਆਂ ਤੋਂ ਸਿੱਖ ਜਗਤ ਤੜਫ ਉੱਠਿਆ ਹੈ। ਇਸ ਘਟਨਾ ਦਾ ਜੋ ਦੁਖਦਾਈ ਅਸਰ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਢੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ’ਤੇ ਪਿਆ ਹੈ ਉਹ ਆਪਨੇ ਦੇਖ ਹੀ ਲਿਆ ਹੈ। ਫੌਜੀਆਂ ਹੱਥੋਂ ਬਹੁਤ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਜਿਨਾਂ ਦਾ ਆਪ ਜੀ ਨੂੰ ਪਤਾ ਨਹੀਂ ਹੋ ਸਕਦਾ ਜੋ ਮੈਨੂੰ ਲੋਕਾਂ ਨੇ ਸੁਣਾਈਆਂ ਹਨ ਤੇ ਮੈਂ ਉਹਨਾਂ ਦੀ ਪੜਤਾਲ ਮਿਤੀ 9-9-84 ਤਕ ਕਰਦਾ ਰਿਹਾ ਹਾਂ। ਮੈਂ ਜਲਦੀ ਨਹੀਂ ਕੀਤੀ ਅਤੇ ਬੜੇ ਧੀਰਜ ਤੋਂ ਕੰਮ ਲਿਆ ਹੈ। ਉਹਨਾਂ ਵਿੱਚੋਂ ਮੈਂ ਕੁਝ ਘਟਨਾਵਾਂ ਬਿਆਨ ਕਰਦਾ ਹਾਂ।
1. ਸ੍ਰੀ ਦਰਬਾਰ ਸਾਹਿਬ ਦੇ ਇੱਕ ਗੰ੍ਰਥੀ ਨੂੰ ਫੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲੈ ਗਏ ਅਤੇ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ। ਗੰ੍ਰਥੀ ਸਿੰਘ ਦੇ ਹੱਥਾਂ ’ਤੇ ਬੰਦੂਕ ਦੇ ਬੱਟ ਮਾਰ ਕੇ ਫੌਜੀਆਂ ਨੇ ਉਸ ਦੀ ਮਾਰ-ਕੁਟਾਈ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਇੱਕ ਹੋਰ ਗੰ੍ਰਥੀ ਦੇ ਬੱਟ ਮਾਰੇ ਅਤੇ ਉਸਦੇ ਹੱਥਾਂ ਨੂੰ ਸੋਜਾਂ ਚਾੜੀਆਂ।
2. ਦਰਬਾਰ ਸਾਹਿਬ ਸਮੂਹ ਵਿੱਚ ਆਈਆਂ ਸੰਗਤਾਂ, ਇਸਤਰੀਆਂ, ਮਰਦਾਂ ਤੇ ਬੱਚਿਆਂ ’ਤੇ ਇਸ ਤਰਾਂ ਗੋਲੀ ਚਲਾਈ ਜਾਂਦੀ ਰਹੀ ਹੈ। ਜਿਸ ਤਰਾਂ ਜ਼ਹਿਰੀਲੀ ਦਵਾਈ ਦੀ ਪਿਚਕਾਰੀ ਨਾਲ ਮੱਛਰ ਮਾਰੀਦਾ ਹੈ।
3. ਜਿਹੜੇ ਯਾਤਰੂ ਸ੍ਰੀ ਦਰਬਾਰ ਸਾਹਿਬ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮੰਗਲਵਾਰ ਨੂੰ 12 ਵਜੇ ਕੈਦ ਕੀਤੇ ਗਏ ਸਨ, ਉਹਨਾਂ ਨੂੰ ਪਾਣੀ ਨਾ ਦਿੱਤਾ ਗਿਆ, ਉਹਨਾਂ ਨੂੰ ਬੁੱਧਵਾਰ 30 ਘੰਟਿਆਂ ਪਿਛੋਂ ਸਿੱਖ ਫੌਜੀਆਂ ਨੇ ਪਾਣੀ ਦਿੱਤਾ। ਬੱਚਿਆਂ ਦੀਆਂ ਪਿਆਸ ਨਾਲ ਅੱਖਾਂ ਬਾਹਰ ਨਿਕਲ ਰਹੀਆਂ ਸਨ। ਬੀਬੀਆਂ ਨੇ ਪਸੀਨੇ ਪੂੰਝ ਕੇ ਬੱਚੀਆਂ ਦੇ ਮੂੰਹ ਗਿੱਲੇ ਕੀਤੇ। ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸਨ ਤਾਂ ਫੌਜੀ ਕਹਿੰਦੇ ਸਨ ਕਿ ਇਹ ਵੱਡੇ ਹੋ ਕੇ ਸਾਨੂੰ ਜਾਨੋਂ ਮਾਰਨਗੇ, ਇਸ ਲਈ ਅਸੀਂ ਇਹਨਾਂ ਨੂੰ ਪਾਣੀ ਕਿਉਂ ਦੇਈਏ। ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜਾ ਜਿਹਾ ਪਾਣੀ ਫੌਜੀਆਂ ਨੇ ਦਿੱਤਾ ਸੀ ਉਸ ਵਿੱਚ ਉਹਨਾਂ ਨੇ ਸਿਗਰਟਾਂ ਦਾ ਪਾਣੀ ਘੋਲ ਕੇ ਕਿਹਾ ਕਿ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਫੌਜੀਆਂ ਨੇ ਸਿਗਰਟਾਂ ਪੀਤੀਆਂ ਅਤੇ ਸਿਗਰਟਾਂ ਦਾ ਧੂੰਆਂ ਸਿੱਖਾਂ ਵੱਲ ਛੱਡਦੇ ਰਹੇ। ਜਿਹੜਾ ਸਲੂਕ ਫੌਜੀ ਕਾਰਵਾਈ ਦੇ ਨਾਮ ’ਤੇ ਸਿੱਖਾਂ ਨਾਲ ਹੋਇਆ ਉਸਨੇ ਸਿੱਖ ਜਗਤ ਦੇ ਹਿਰਦਿਆਂ ’ਤੇ ਭਾਰੀ ਸੱਟ ਮਾਰੀ ਹੈ। ਦਰਬਾਰ ਸਾਹਿਬ ਵਿੱਚੋਂ ਫੜੇ ਯਾਤਰੂ ਜਵਾਨ ਮੁੰਡਿਆਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੰਨੇ ਗਏ ਅਤੇ ਉਹਨਾਂ ਦੇ ਕੇਸ ਖੋਲ ਕੇ ਉਹਨਾਂ ਦੀਆਂ ਅੱਖਾਂ ਦਵਾਲੇ ਲਪੇਟ ਕੇ ਉਹਨਾਂ ਨੂੰ ਗਰਮ ਫਰਸ਼ ’ਤੇ ਗੋਡਿਆਂ ਭਾਰ ਚੱਲਣ ਲਈ ਮਜਬੂਰ ਕੀਤਾ ਗਿਆ। ਮੁੰਡਿਆਂ ਨੂੰ ਪਿੱਛੋਂ ਬੰਨ ਕੇ ਮੱਥੇ ਵਿੱਚ ਗੋਲੀਆਂ ਮਾਰ ਕੇ ਮਾਰਿਆ ਗਿਆ।
4. ਪਹਿਲੀ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਸੀ.ਆਰ.ਪੀ.ਨੇ ਗੋਲੀ ਚਲਾਣੀ ਆਰੰਭ ਕਰ ਦਿੱਤੀ ਸੀ। ਪਹਿਲੀ ਜੂਨ ਫੌਜਾਂ ਦੇ ਆਉਣ ਤੋਂ ਪਹਿਲਾਂ ਸੀ.ਆਰ.ਪੀ. ਵੱਲੋਂ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੀੜ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਸਾਰੀਆਂ ਵਾਰਦਾਤਾਂ ਹੋਣ ਦੇ ਪਿੱਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਭਾਵਨਾ ਨਾਲ ਸਾੜ ਦਿੱਤੇ। 3 ਜੂਨ 1984 ਵਾਲੇ ਦਿਨ ਪੀਲੀਆਂ ਪੱਗਾਂ ਅਤੇ ਕ੍ਰਿਪਾਨਾਂ ਲਾਹੁਣ ਲਈ ਕਿਹਾ ਪਰ ਉਹਨਾਂ ਕ੍ਰਿਪਾਨਾਂ ਲਾਹੁਣ ਤੋਂ ਇਨਕਾਰ ਕਰ ਦਿੱਤਾ ਉਸ ਵੇਲੇ ਫੌਜੀਆਂ ਨੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ। ਇੱਕ ਨਿਹੰਗ ਸਿੰਘ ਨੂੰ ਗੁਮਟਾਲਾ ਜੇਲ ਦੇ ਲਾਗੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਗਿਆ ਕਿਉਂ ਕਿ ਉਸਨੇ ਕ੍ਰਿਪਾਨ ਦੇਣ ਤੋਂ ਇਨਕਾਰ ਕੀਤਾ ਸੀ। ਇੱਕ ਤਿਆਰ ਬਰ ਤਿਆਰ ਸਿੰਘ ਕਿੱਤਿਆਂ (ਅੰਮ੍ਰਿਤਸਰ ਦਾ ਇਕ ਇਲਾਕਾ) ਵਿੱਚ ਆਪਣੇ ਮਕਾਨ ਦੀ ਛੱਤ ਦੇ ਖੜਾ ਸੀ। ਉਸਨੂੰ ਫੌਜੀਆਂ ਨੇ ਇਸ ਲਈ ਗੋਲੀ ਮਾਰ ਦਿੱਤੀ ਕਿਉਂਕਿ ਉਸਨੇ ਪੀਲੀ ਪੱਗ ਬੰਨੀ ਹੋਈ ਸੀ।
5. ਤਿੰਨ ਜੁਲਾਈ ਵਾਲੇ ਦਿਨ ਜ਼ਿਲਾ ਕਚਿਹਰੀ ਅੰਮ੍ਰਿਤਸਰ ਦੇ ਡਾਕਟਰ ਕਿਚਲੂ ਵਾਲੇ ਗੋਲ ਚੱਕਰ ਦੇ ਲਾਗੇ ਇੱਕ ਕਾਲੀ ਪੱਗ ਤੇ ਕ੍ਰਿਪਾਨ ਵਾਲਾ 25 ਕੁ ਸਾਲਾਂ ਦੀ ਉਮਰ ਦਾ ਸਿੰਘ ਜਾ ਰਿਹਾ ਸੀ ਇਸ ਪਾਸੇ ਤੋਂ ਫੌਜੀਆਂ ਦੀ ਜੀਪ ਆ ਗਈ ਉਸ ਪਾਸ ਕੁਝ ਨਹੀਂ ਨਿਕਲਿਆ ਸੀ। ਜਿਸ ਵੇਲੇ ਫੌਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੌਹੜਾ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚੋਂ ਗ੍ਰਿਫ਼ਤਾਰ ਕਰਨ ਗਏ ਤਾਂ ਇੱਕ ਫੌਜੀ ਸਿਗਰਟ ਪੀ ਰਿਹਾ ਸੀ। ਸਰਦਾਰ ਟੌਹੜਾ ਨੇ ਉਸਨੂੰ ਕਿਹਾ ਕਿ ਤੂੰ ਸਿਗਰਟ ਨਾ ਪੀ ਤਾਂ ਉਸ ਫੌਜੀ ਨੇ ਕਿਹਾ ਕਿ ਚੱਲ ਉਏ ਬੁੱਢੇ, ਚੁੱਪ ਕਰ ਨਹੀਂ ਤਾਂ ਗੋਲੀ ਮਾਰ ਦਿਆਂਗਾ। ਸਰਦਾਰ ਟੌਹੜਾ ਨੇ ਕਿਹਾ ਕਿ ਮੈਂ ਇੱਥੋਂ ਦਾ ਪ੍ਰਧਾਨ ਹਾਂ ਤਾਂ ਫੌਜੀ ਚੁੱਪ ਕਰ ਗਏ।
6. ਸ੍ਰੀ ਦਰਬਾਰ ਸਾਹਿਬ ਮੁਕਤਸਰ ਵਿੱਚ ਸਾਰੇ ਸੇਵਾਦਾਰ ਕੱਢ ਕੇ ਸਰੋਵਰ ਦੀ ਪ੍ਰੀਕਰਮਾਂ ਵਿੱਚ ਧੁੱਪ ਵਿੱਚ ਮੂਧੇ ਲੰਮੇ ਪਾਏ ਗਏ ਜਿਨਾਂ ਨੂੰ ਬੁਰੀ ਤਰਾਂ ਕੁੱਟਿਆ ਗਿਆ। ਉਹਨਾਂ ਵਿੱਚੋਂ ਇੱਕ ਮਰ ਗਿਆ। ਪਿੰਡਾਂ ਵਿਚੋਂ ਉਹ ਮੁੰਡੇ ਕੱਢ ਕੇ ਬਾਹਰ ਲਿਆਂਦੇ ਗਏ ਜਿਨਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਉਨਾਂ ਨੂੰ ਬਹੁਤ ਕੁੱਟਿਆ ਗਿਆ।
7. ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਫੌਜ ਨੇ ਇਖਲਾਕੀ ਗਿਰਾਵਟ ਦਾ ਸਬੂਤ ਦਿੱਤਾ ਹੈ ਤੇ ਵੈਰ ਭਾਵਨਾ ਨਾਲ ਇਸ ਤਰਾਂ ਕਾਰਵਾਈ ਕੀਤੀ ਹੈ ਕਿ ਫੌਜੀ ਐਕਸ਼ਨ ਤੋਂ ਪਿੱਛੋਂ ਪਿੰਡਾਂ ਵਿੱਚ ਨੌਜਵਾਨਾਂ ਨੂੰ ਤੰਗ ਕੀਤਾ ਜਾਂਦਾ ਰਿਹਾ ਹੈ। ਉਪਰੋਕਤ ਅਸਲੀਅਤ ਤੋਂ ਇਲਾਵਾ ਕੁਝ ਐਸੀਆਂ ਸ਼ਰਮਨਾਕ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿਨਾਂ ਨੂੰ ਲਿਖਣ ਲਈ ਤਹਿਜ਼ੀਬ ਆਗਿਆ ਨਹੀਂ ਦਿੰਦੀ।
ਮੈਂ ਅਜਿਹੇ ਹਾਲਾਤ ਦੇਖ ਸੁਣ ਕੇ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਨ ਲਈ ਆਪਣਾ ‘‘ਪਦਮ ਸ਼੍ਰੀ’’ ਦਾ ਐਵਾਰਡ ਵਾਪਸ ਕਰਦਾ ਹਾਂ।
-ਪੂਰਨ ਸਿੰਘ ਭਗਤ
Content Identification: Return of Padam Shri by Bhagat Puran Singh (Founder of Pingalwara) after Attack on Sri Darbar Sahib, Sri Amritsar in June 1984. This attack was code named by Indian State as "Operation Blue Star)
No comments:
Post a Comment