ਮੈਲਬੌਰਨ (18 ਅਕਤੂਬਰ, 2009)ਸਿੱਖ ਫੈਡੇਰਸ਼ਨ ਆਸਟ੍ਰੇਲੀਆ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਆਮ ਸਿੱਖ ਸੁਰੱਖਿਅਤ ਨਹੀਂ ਹੈ ਅਤੇ ਹੁਣ ਫਿਰ ਪੰਜਾਬ ਵਿੱਚ ਸਿੱਖਾਂ ਦੇ ਮਨੁੱਖੀ ਤੇ ਸ਼ਹਿਰੀ ਹੱਕਾਂ ਦੀ ਵੱਡੇ ਪੱਧਰ ਉੱਤੇ ਉਲੰਘਣਾ ਹੋਈ ਹੈ। ਫੈਡੇਰਸ਼ਨ ਦੀ ਮੈਲਬੌਰਨ ਇਕਾਈ ਦੇ ਅਹੁਦੇਦਾਰਾਂ ਜਸਪ੍ਰੀਤ ਸਿੰਘ ਅਤੇ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗੈਰ-ਕਾਨੂੰਨੀ ਹਿਰਾਸਤ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ ਜਿਸ ਦੀ ਪੁਸ਼ਟੀ ਪੰਜਾਬ ਰਾਜ ਮਨੁੱਖੀ ਹੱਕ ਕਮਿਸ਼ਨ ਦੀ ਵੈਬਸਾਇਟ ਦੇ ਅੰਕੜਿਆਂ ਤੋਂ ਹੀ ਹੋ ਜਾਂਦੀ ਹੈ।
ਫੈਡਰੇਸ਼ਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਿਕ ਮਾਨਸਾ ਜਿਲ੍ਹੇ ਵਿੱਚ ਪੈਂਦੇ ਪਿੰਡ ਝੰਡੂਕੇ ਵਾਸੀ ਪਿਓ-ਪੁੱਤ ਨੂੰ ਬੀਤੀ 14 ਅਕਤੂਬਰ ਤੋਂ ਪੁਲਿਸ ਵੱਲੋਂ ਚੁੱਕ ਕੇ ਲਾਪਤਾ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗੁਰਬਚਨ ਸਿੰਘ ਪਟਵਾਰੀ (ਉਮਰ 70 ਸਾਲ) ਤੇ ਉਸ ਦੇ 26 ਸਾਲਾਂ ਦੇ ਪੁੱਤਰ ਅਵਤਾਰ ਸਿੰਘ ਨੂੰ ਝੁਨੀਰ ਦੇ ਠਾਣੇਦਾਰ ਜਸਵੀਰ ਸਿੰਘ ਨੇ 14 ਅਕਤੂਬਰ ਨੂੰ ਸਵੇਰੇ 9:45 ‘ਤੇ ਉਨ੍ਹਾਂ ਦੇ ਘਰੋਂ ਚੁੱਕਿਆ ਸੀ ਤੇ ਅੱਜ ਚਾਰ ਦਿਨ ਬੀਤ ਜਾਣ ਉੱਤੇ ਵੀ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਹੈ। ਆਗੂਆਂ ਨੇ ਕਿਹਾ ਕਿ ਇਨ੍ਹਾਂ ਪਰਵਾਰਾਂ ਉੱਪਰ ਇਹ ਕਹਿਰ ਸਿਰਫ ਇਸ ਲਈ ਕੀਤਾ ਜਾ ਰਿਹਾ ਹੈ ਕਿ ਉਹ ਸਿੱਖ ਹਨ ਅਤੇ ਪੰਥ ਦੇ ਫੈਸਲਿਆਂ ਨੂੰ ਜਮਹੂਰੀ ਤਰੀਕੇ ਨਾਲ ਲਾਗੂ ਕਰਨ ਦੇ ਹਾਮੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਗੈਰ-ਕਾਨੂੰਨੀ ਹਿਰਾਸਤ ਭਾਰਤੀ ਵਿਧਾਨ ਦੀ ਧਾਰਾ 21, ਮਨੁੱਖੀ ਹੱਕਾਂ ਦੇ ਸੰਸਾਰ ਪੱਧਰ ਐਲਾਨਨਾਮੇ ਦੀ ਖੁੱਲ੍ਹੀ ਉਲੰਘਣਾ ਹੈ।
ਉਧਰ ਲਾਪਤਾ ਕੀਤੇ ਗਏ ਸ. ਗੁਰਬਚਨ ਸਿੰਘ ਪਟਵਾਰੀ ਦੀ ਪਤਨੀ ਬੀਬੀ ਰਣਜੀਤ ਕੌਰ ਨੇ ਸੰਪਰਕ ਕੀਤੇ ਜਾਣ ਉੱਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਦੇ ਪਤੀ ਤੇ ਬੇਟੇ ਨੁੰ ਪੁਲਿਸ ਨੇ ਲਾਪਤਾ ਕਰ ਦਿਤਾ ਹੈ। ਉਸ ਨੇ ਦੱਸਿਆ ਕਿ ਘਰ ਵਿੱਚ ਉਸ ਦੀ ਬੇਟੀ ਅਤੇ ਉਹ ਦੋਵੇਂ ਹੀ ਹਨ ਅਤੇ ਬਹੁਤ ਪਰੇਸ਼ਾਨ ਹਨ। ਬੀਬੀ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਗੈਰ-ਕਾਨੂੰਨੀ ਹਿਰਾਸਤ ਵਿੱਚ ਉਨ੍ਹਾਂ ਦੇ ਜੀਆਂ ਉੱਪਰ ਪੁਲਿਸ ਤਸ਼ੱਦਦ ਕਰ ਸਕਦੀ ਹੈ।
No comments:
Post a Comment