ਮਾਨਸਾ, ਅਕਤੂਬਰ 16, 2009 (ਸਿੱਖ ਸਿਆਸਤ ਨਿਊਜ਼) ਮਾਨਸਾ ਨੇੜਲੇ ਪਿੰਡ ਝੰਡੂਕੇ ਸਰਦਾਰ ਗੁਰਬਚਨ ਸਿੰਘ ਪਟਵਾਰੀ ਅਤੇ ਉਸ ਦੇ ਲੜਕੇ ਅਵਤਾਰ ਸਿੰਘ ਨੂੰ ਮਾਨਸਾ ਪੁਲਿਸ ਵੱਲੋਂ ਚੁੱਕ ਕੇ ਲਾਪਤਾ ਕਰ ਦੇਣ ਦੀ ਜਾਣਕਾਰੀ ਮਿਲੀ ਹੈ। ਸ. ਗੁਰਬਚਨ ਸਿੰਘ ਦੀ ਪਤਨੀ ਬੀਬੀ ਰਣਜੀਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਮਾਨਸਾ ਪੁਲਿਸ ਦੇ ਐਸ. ਐਚ. ਓ ਜਸਵੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਉਸ ਦੇ ਪਤੀ ਅਤੇ ਭਰਾ ਨੂੰ 14 ਅਕਤੂਬਰ ਨੂੰ ਉਨ੍ਹਾਂ ਦੇ ਪਿੰਡ ਝੰਡੂਕੇ ਸਥਿੱਤ ਘਰ ਤੋਂ ਬਿਨਾ ਕੋਈ ਦੋਸ਼ ਦੱਸੇ ਸਵੇਰੇ ਤਕਰੀਬਨ ਪੌਣੇ ਦਸ ਵਜੇ ਚੁੱਕ ਲਿਆ ਸੀ ਤੇ ਪਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਸ਼ਾਮ ਤੱਕ ਛੱਡ ਦਿੱਤਾ ਜਾਵੇਗਾ ਪਰ ਅੱਜ ਦੋ ਦਿਨ ਬੀਤ ਜਾਣ ਉੱਤੇ ਵੀ ਦੋਵਾਂ ਦੀ ਕੋਈ ਉੱਘ-ਸੁੱਘ ਨਹੀਂ ਮਿਲ ਰਹੀ। ਰਣਜੀਤ ਕੌਰ ਨੇ ਦੱਸਿਆ ਕਿ ਘਰ ਵਿੱਚ ਸਿਰਫ ਉਹ ਆਪ ਤੇ ਉਨ੍ਹਾਂ ਦੀ ਬੇਟੀ ਹੀ ਹੈ ਜਿਸ ਕਾਰਨ ਉਹ ਬੇਹੱਦ ਪੇਸ਼ਾਨ ਹਨ। ਉਸੇ ਨੇ ਕਿਹਾ ਕਿ ਅਸੀਂ ਦਸਾਂ ਨੌਹਾਂ ਦੀ ਕਿਰਤ ਕਰਕੇ ਗੁਜ਼ਾਰਾ ਕਰਨ ਵਾਲੇ ਲੋਕ ਹਨ ਤੇ ਪਤਾ ਨਹੀਂ ਪੁਲਿਸ ਨੇ ਉਸ ਦੇ ਪਤੀ ਤੇ ਬੇਟੇ ਨੂੰ ਕਿਉਂ ਲਾਪਤਾ ਕਰ ਦਿੱਤਾ?
ਜਿ਼ਕਰਯੋਗ ਹੈ ਕਿ ਮਾਨਸਾ ਪੁਲਿਸ ਦੀ ਇਸ ਤਰ੍ਹਾਂ ਦੀ ਇਹ ਕੋਈ ਪਹਿਲੀ ਕਾਰਵਾਈ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਲੋਕਾਂ ਨੂੰ ਚੁੱਕ ਕੇ ਕਈ-ਕਈ ਦਿਨ ਲਾਪਤਾ ਰੱਖਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ ਅਤੇ ਪਿਛਲੇ ਮਹੀਨੇ ਹੀ ਮਾਨਸਾ ਪੁਲਿਸ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਸੇਵਕ ਸਿੰਘ ਨੂੰ ਜਬਰੀ ਲਾਪਤਾ ਕਰਨ ਦਾ ਮਸਲਾ ਕਾਫੀ ਗਰਮਾ ਗਿਆ ਸੀ। ਮਾਨਸਾ ਪੁਲਿਸ ਨੇ ਸੇਵਕ ਸਿੰਘ ਨੂੰ ਛੇ ਦਿਨ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਸੀ ਭਾਵੇਂ ਕਿ ਪੁਲਿਸ ਵੱਲੋਂ ਇਨ੍ਹਾਂ ਤੱਥਾਂ ਤੋਂ ਹਮੇਸ਼ਾਂ ਹੀ ਇਨਕਾਰ ਕੀਤਾ ਜਾਂਦਾ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੇ ਕਿ ਹਾਲੀ ਕੁਝ ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੈਸ਼ਨ ਜੱਜਾਂ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਉਹ ਠਾਣਿਆਂ ਉੱਪਰ ਅਚਾਨਕ ਛਾਪਾਮਾਰੀ ਕਰਕੇ ਗੈਰਕਾਨੂੰਨੀ ਹਿਰਾਸਤ ਦੇ ਇਸ ਰੁਝਾਨ ਨੂੰ ਠੱਲ੍ਹ ਪਾਉਣ।
ਝੰਡੂਕੇ ਵਿੱਚ ਵਾਪਰੀ ਘਟਨਾ ਕਾਰਨ ਪੀੜਤ ਪਰਵਾਰ ਦੀਆਂ ਔਰਤਾਂ ਸਦਮੇਂ ਵਿੱਚ ਹਨ ਤੇ ਉਨ੍ਹਾਂ ਸ਼ੱਕ ਜਾਹਿਰ ਕੀਤਾ ਕਿ ਕਿਤੇ ਉਨਾਂ ਦੇ ਜੀਆਂ ਨਾਲ ਕੋਈ ਅਣਹੋਣੀ ਨਾ ਵਾਪਰ ਜਾਵੇ।
No comments:
Post a Comment